ਅਨੂਪਪੁਰ 'ਚ ਸਿੱਖ ਜੱਜ ਦੇ ਘਰ 'ਤੇ ਹਮਲਾ, ਤਿੰਨ ਵਿਅਕਤੀ ਗ੍ਰਿਫ਼ਤਾਰ
ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਲੈ ਰਹੇ ਸਨ ਬਦਲਾ : ਪੁਲਿਸ
ਅਨੂਪਪੁਰ : ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਜੱਜ ਅਮਨਦੀਪ ਸਿੰਘ ਛਾਬੜਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੀ ਰਿਹਾਇਸ਼ 'ਤੇ ਪਥਰਾਅ ਵੀ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ’ਚ ਇਕ ਸਿੱਖ ਮੈਜਿਸਟਰੇਟ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ, ਘਰ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਦੀ ਰਿਹਾਇਸ਼ ਉਤੇ ਪੱਥਰਬਾਜ਼ੀ ਕਰਨ ਦੇ ਦੋਸ਼ ’ਚ ਐਤਵਾਰ ਨੂੰ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੋਟਮਾ ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਤੇ ਸਿਵਲ ਜੱਜ ਅਮਨਦੀਪ ਸਿੰਘ ਛਾਬੜਾ ਵਲੋਂ ਪੁਲਿਸ ਕੋਲ ਕਰਵਾਈ ਸ਼ਿਕਾਇਤ ਅਨੁਸਾਰ ਸਨਿਚਰਵਾਰ ਅੱਧੀ ਰਾਤ ਕਰੀਬ 12:30 ਵਜੇ ਵਿਅਕਤੀਆਂ ਦੇ ਇਕ ਸਮੂਹ ਨੇ ਵਿਹੜੇ ਵਿਚ ਪੱਥਰਬਾਜ਼ੀ ਕੀਤੀ ਅਤੇ ਇਸ ਤੋਂ ਪਹਿਲਾਂ ਗੇਟ ਉਤੇ ਇਕ ਲੈਂਪ ਅਤੇ ਲੋਹੇ ਦੇ ਜੰਗਲੇ ਸਮੇਤ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾਇਆ। ਜ਼ਿਲ੍ਹਾ ਹੈੱਡਕੁਆਰਟਰ ਤੋਂ 35 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਭਲੂਮਾੜਾ ਸਥਿਤ ਘਰ ਤੋਂ ਜਦੋਂ ਜੱਜ ਬਾਹਰ ਆਏ ਤਾਂ ਉਹ ਭੱਜ ਗਏ।
ਪੁਲਿਸ ਸੂਪਰਡੈਂਟ ਮੋਤੀਉਰ ਰਹਿਮਾਨ ਨੇ ਕਿਹਾ, ‘‘ਇਹ ਬਦਲਾ ਲੈਣ ਲਈ ਕੀਤਾ ਗਿਆ ਇਕ ਹਮਲਾ ਸੀ। ਮੈਜਿਸਟਰੇਟ ਨੇ ਪੰਜ ਤੋਂ ਛੇ ਮਹੀਨੇ ਪਹਿਲਾਂ ਇਕ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਸੀ।’’ ਕੋਟਮਾ ਥਾਣੇ ਦੇ ਐਸ.ਐਚ.ਓ. ਸੰਜੇ ਖਾਲਕੋ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਭਾਲੂਮੁੜਾ ਦੇ ਵਸਨੀਕ ਪ੍ਰਿਯਾਂਸ਼ੂ ਸਿੰਘ ਉਰਫ ਜਗੁਆਰ (25), ਦੇਵੇਂਦਰ ਕੇਵਤ (23) ਅਤੇ ਮਨੀਕੇਸ਼ ਸਿੰਘ (19) ਵਜੋਂ ਕੀਤੀ ਹੈ।
ਖਾਲਕੋ ਨੇ ਕਿਹਾ, ‘‘ਮੁਲਜ਼ਮਾਂ ਨੇ ਦੇਰ ਰਾਤ ਜੱਜ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪੱਥਰਬਾਜ਼ੀ ਕੀਤੀ ਅਤੇ ਜ਼ੁਬਾਨੀ ਗਾਲ੍ਹਾਂ ਕੱਢੀਆਂ, ਜਿਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਅਸੀਂ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਅਤੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਮੁੱਖ ਮੁਲਜ਼ਮ ਪ੍ਰਿਯਾਂਸ਼ੂ ਸਿੰਘ ਆਦਤਨੀ ਅਪਰਾਧੀ ਹੈ ਅਤੇ ਉਸ ਦੇ ਵਿਰੁਧ ਕਈ ਕੇਸ ਦਰਜ ਹਨ।’’ ਜੱਜ ਨੇ ਪ੍ਰਿਯਾਂਸ਼ੂ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਸੀ।
ਸੂਤਰਾਂ ਨੇ ਦਸਿਆ ਕਿ ਅਨੂਪਪੁਰ ਦੇ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਇਆ ਵਿਸ਼ਵਲਾਲ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੇ ਹੁਕਮ ਉਤੇ ਜੇ.ਐਮ.ਐਫ.ਸੀ. ਨਾਲ ਅਪਣੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।