ਅਕਸ਼ਰਧਾਮ ਮੰਦਰ 'ਤੇ ਅਤਿਵਾਦੀ ਹਮਲੇ ਦਾ ਦੋਸ਼ੀ 16 ਸਾਲਾਂ ਬਾਅਦ ਗ੍ਰਿਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

24 ਸਤੰਬਰ 2002 ਨੂੰ ਗੁਜਰਾਤ ਦੇ ਗਾਂਧੀਨਗਰ ਦੇ ਅਕਸ਼ਰਧਾਮ ਮੰਦਰ ਵਿਖੇ ਆਟੋਮੈਟਿਕ ਹਥਿਆਰਾਂ ਅਤੇ ਗ੍ਰੇਨੇਡ ਨਾਲ ਲੈਸ ਅਤਿਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ।

Akshardham (Gandhinagar)

ਗੁਜਰਾਤ ,  ( ਪੀਟੀਆਈ ) : 16 ਸਾਲ ਪਹਿਲਾਂ ਅਕਸ਼ਰਧਾਮ ਮੰਦਰ 'ਤੇ ਹੋਏ ਅਤਿਵਾਦੀ ਹਮਲੇ ਦੇ ਦੋਸ਼ੀ ਮੁਹੰਮਦ ਫਾਰੂਕ ਸ਼ੇਖ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਫਾਰੂਕ ਪਿਛਲੇ 16 ਸਾਲਾਂ ਤੋਂ ਫਰਾਰ ਚਲ ਰਿਹਾ ਸੀ। ਇਸ ਦੌਰਾਨ ਉਹ ਦੁਬਈ ਵਿਚ ਰਹਿ ਰਿਹਾ ਸੀ। ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਦ ਉਹ ਅਹਿਮਦਾਬਾਦ ਏਅਰਪੋਰਟ 'ਤੇ ਪੁੱਜਾ ਤਾਂ ਉਸ ਨੂੰ ਕ੍ਰਾਈਮ ਬ੍ਰਾਂਚ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।

ਦੱਸ ਦਈਏ ਕਿ 24 ਸਤੰਬਰ 2002 ਨੂੰ ਗੁਜਰਾਤ ਦੇ ਗਾਂਧੀਨਗਰ ਦੇ ਅਕਸ਼ਰਧਾਮ ਮੰਦਰ ਵਿਖੇ ਆਟੋਮੈਟਿਕ ਹਥਿਆਰਾਂ ਅਤੇ ਗ੍ਰੇਨੇਡ ਨਾਲ ਲੈਸ ਅਤਿਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ। ਹਮਲੇ ਵਿਚ 32 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਤਿੰਨ ਕਮਾਂਡੋ ਅਤੇ ਇਕ ਕਾਂਸੇਬਲ ਸ਼ਹੀਦ ਹੋ ਗਿਆ ਸੀ। ਪੋਟਾ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਕਸੂਰਵਾਰ ਮੰਨਦੇ ਹੋਏ ਤਿੰਨ ਨੂੰ ਮੌਤ ਦੀ ਸਜਾ ਅਤੇ ਇਕ ਨੂੰ ਉਮਰਕੈਦ ਦੀ ਸਜਾ ਸੁਣਾਈ ਸੀ। ਗੁਜਰਾਤ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ 'ਤੇ ਮੁਹਰ ਲਗਾਈ ਸੀ

ਪਰ ਮਈ 2014 ਵਿਚ ਸੁਪਰੀਮ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿਤਾ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਏਜੰਸੀ ਨੂੰ ਲਾਪਰਵਾਹੀ ਵਰਤਣ ਲਈ ਫਟਕਾਰ ਲਗਾਉਂਦੇ ਹੋਏ ਸਿਖਰ ਅਦਾਲਤ ਨੇ ਕਿਹਾ ਸੀ ਕਿ ਦੋਸ਼ੀਆਂ ਦਾ ਦੋਸ਼ ਸਾਬਤ ਕਰਨ ਲਈ ਲੋੜੀਂਦੇ ਸਬੂਤ ਨਹੀਂ ਹਨ। ਪ੍ਰੌਸੀਕਿਊਟਰ  ਨੇ ਦਾਅਵਾ ਕੀਤਾ ਸੀ ਕਿ ਦੋਸ਼ੀਆਂ ਵਿਚੋਂ ਕੁਝ ਦੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਈਬਾ ਜਿਹੇ ਅਤਿਵਾਦੀ ਸੰਗਠਨਾਂ ਨਾਲ ਸੰਬਧ ਸਨ, ਪਰ ਇਸ ਨੂੰ ਉਹ ਅਦਾਲਤ ਵਿਚ ਸਾਬਤ ਨਹੀਂ ਕਰ ਸਕੇ।