ਜੈੱਟ ਏਅਰਵੇਜ਼ ਦੀ ਉਡਾਣ 'ਚ ਯਾਤਰੀ ਨੂੰ ਮਜ਼ਾਕ ਕਰਨਾ ਪਿਆ ਮਹਿੰਗਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਲਕਾਤਾ ਹਵਾਈ ਅੱਡੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜੈੱਟ ਏਅਰਵੇਜ਼ ਦੀ ਉਡਾਣ ਵਿਚ ਸਵਾਰ ਯਾਤਰੀ ਨੇ ਸੋਸ਼ਲ...

Jet Airways

ਚੰਡੀਗੜ੍ਹ (ਸਸਸ): ਕੋਲਕਾਤਾ ਹਵਾਈ ਅੱਡੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜੈੱਟ ਏਅਰਵੇਜ਼ ਦੀ ਉਡਾਣ ਵਿਚ ਸਵਾਰ ਯਾਤਰੀ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ। ਦਰਅਸਲ ਉਸ ਨੇ ਸੋਸ਼ਲ ਮੀਡੀਆ ਤੇ  ਜਹਾਜ਼ ਵਿਚ ਅੱਤਵਾਦੀ ਹੋਣ ਦੀ ਪੋਸਟ ਸ਼ੇਅਰ ਕੀਤੀ ਜਿਸ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦਈਏ ਕਿ ਇਸ ਮਾਮਲੇ ਬਾਰੇ ਯਾਤਰੀ ਦੀ ਪਛਾਣ ਯੋਗਵੇਦੰਤ ਪੋਦਰ ਵਜੋਂ ਹੋਈ।

ਉਹ ਕੋਲਕਾਤਾ ਤੋਂ ਮੁੰਬਈ ਜਾ ਰਿਹਾ ਸੀ। ਦੂਜੇ ਪਾਸੇ ਯਾਤਰੀ ਨੇ ਸਨੈਪਚੈਟ 'ਤੇ ਅਪਣੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਜਹਾਜ਼ ਵਿਚ ਅਤਿਵਾਦੀ ਹੈ। ਇਸ ਮੈਸੇਜ ਨੂੰ ਉਸ ਨੇ ਅਪਣੇ 6 ਦੋਸਤਾਂ ਨੂੰ ਫਾਰਵਰਡ ਕੀਤਾ। ਜਿਸ ਤੋਂ ਬਾਅਦ  ਉਸ ਦੇ ਇਸ ਵਿਵਹਾਰ ਨੂੰ ਵੇਖਦਿਆਂ ਉਸ ਦੇ ਨਾਲ ਦੀ ਸੀਟ 'ਤੇ ਬੈਠੇ ਯਾਤਰੀ ਨੇ ਕਰੂ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿਤੀ। ਜਾਣਕਾਰੀ ਮਿਲਣ ਤੋਂ ਬਾਅਦ ਤੋਂ ਕਰੂ ਮੈਂਬਰ ਨੇ ਪਾਇਲਟ ਤੇ ਸੀਆਈਐਸਐਫ ਅਫ਼ਸਰਾਂ ਨੂੰ ਇਸ ਦੀ ਸੂਚਨਾ ਦਿਤੀ।

ਅਫ਼ਸਰਾਂ ਦੀ ਟੀਮ ਜਹਾਜ਼ ਵਿਚ ਪਹੁੰਚੀ ਤੇ ਯਾਤਰੀ ਤੋਂ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ।ਪੁਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਅਤਿਵਾਦੀ ਨਹੀਂ ਹੈ ਤੇ ਅਪਣੇ ਦੋਸਤਾਂ ਨਾਲ ਸਿਰਫ ਮਜ਼ਾਕ ਕਰ ਰਿਹਾ ਸੀ। ਉਸ ਨੂੰ ਠੰਡ ਲੱਗ ਰਹੀ ਸੀ ਇਸ ਲਈ ਉਸ ਨੇ ਅਪਣਾ ਮੂੰਹ ਢੱਕਿਆ ਹੋਇਆ ਸੀ। ਇਸ ਪਿੱਛੋਂ ਅਫ਼ਸਰਾਂ ਦੀ ਟੀਮ ਨੇ ਯਾਤਰੀ ਦੇ ਮਾਪਿਆਂ ਨਾਲ ਗੱਲ ਕੀਤੀ ਤੇ ਫਿਰ ਉਸ ਨੂੰ ਰਿਹਾਅ ਕੀਤਾ ਗਿਆ।

ਉਸ ਯਾਤਰੀ ਕਰਕੇ ਉਡਾਣ ਵਿਚ ਵੀ ਕਾਫ਼ੀ ਦੇਰੀ ਹੋਈ ਜਿਸ ਕਰਕੇ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਜ਼ਿਆਦਾਤਰ ਯਾਤਰੀਆਂ 'ਚ ਸਹਿਮ ਦਾ ਮਾਹੋਲ ਬਣ ਗਿਆ।