ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ : ਸੰਘਰਸ਼ ਨੇ ਭਾਈਚਾਰਕ ਸਾਂਝ ਕੀਤੀ ਹੋਰ ਮਜਬੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਪਾਣੀ ਦੇ ਮੁੱਲ ਵੀ ਨਹੀਂ ਕਿਸਾਨ ਦੀ ਫ਼ਸਲ? : ਕਿਸਾਨ 

farmers protest

ਕਿਹਾ, PM ਮੋਦੀ ਨੂੰ ਕਿਸਾਨਾਂ ਨਾਲ ਹਮਦਰਦੀ ਨਹੀਂ ਸਗੋਂ ਵੱਡੇ ਪੂੰਜੀਪਤੀਆਂ ਦੀਆਂ ਤਿਜੋਰੀਆਂ ਭਰਨ ਲਈ ਲਿਆਂਦੇ ਤਿੰਨ ਕਾਨੂੰਨ 

ਨਵੀਂ ਦਿੱਲੀ : ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ ਅਤੇ ਅੱਜ ਵੀ ਕਿਸਾਨ ਪਹਿਲੇ ਦਿਨ ਦੀ ਤਰ੍ਹਾਂ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਸਪੋਕਸਮੈਨ ਵਲੋਂ ਵਿਸ਼ੇਸ਼ ਤੌਰ 'ਤੇ ਕਿਸਾਨੀ ਸੰਘਰਸ਼ ਵਿਚ ਪਹੁੰਚ ਕੇ ਕਿਸਾਨਾਂ ਨਾਲ ਗਲਬਾਤ ਕੀਤੀ ਗਈ।

ਇਸ ਮੌਕੇ ਯੂ ਪੀ ਅਤੇ ਮੱਧ ਪ੍ਰਦੇਸ਼ ਤੋਂ ਆਏ ਹੋਏ ਕਿਸਾਨਾਂ ਨੇ ਦੱਸਿਆ ਕਿ ਇਹ ਸਿਰਫ ਪੰਜਾਬ ਅਤੇ ਹਰਿਆਣਾ ਦਾ ਹੀ ਅੰਦੋਲਨ ਨਹੀਂ ਹੈ ਸਗੋਂ ਦੇਸ਼ ਦੇ ਹਰ ਹਿੱਸੇ ਵਿਚੋਂ ਆਵਾਜ਼ ਉੱਠ ਰਹੀ ਹੈ। ਫਰਕ ਸਿਰਫ ਐਨਾ ਹੈ ਕਿ ਇਸ ਆਵਾਜ਼ ਨੂੰ ਗੋਦੀ ਮੀਡੀਆ ਵਲੋਂ ਦਬਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਵੀ ਇਸ ਬਾਰੇ ਨਹੀਂ ਬੋਲੇ ਕਿਉਂਕਿ ਉਨ੍ਹਾਂ ਦੀ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ ਸਗੋਂ ਉਨ੍ਹਾਂ ਨੇ ਇਹ ਕਾਨੂੰਨ ਵੱਡੇ ਪੂੰਜੀਪਤੀਆਂ ਦੀਆਂ ਤਿਜੋਰੀਆਂ ਭਰਨ ਲਈ ਲਿਆਂਦੇ ਸਨ। 

ਉਨ੍ਹਾਂ ਕਿਹਾ ਕਿ ਅਸੀਂ ਮੱਧ ਪ੍ਰਦੇਸ਼ ਵਿਚ ਕਣਕ, ਝੋਨਾ ਅਤੇ ਸੋਇਆਬੀਨ ਦੀ ਖੇਤੀ ਕਰਦੇ ਹਾਂ ਜਿਥੇ ਸਾਨੂੰ ਸਾਡੀ ਸੋਇਆਬੀਨ ਦੀ ਫ਼ਸਲ ਦਾ ਸਿਰਫ  1500-1800 ਰੁ. ਕੁਇੰਟਲ ਦੇ ਮਿਲਦੇ ਪਰ ਉਸੇ ਦਾ ਤੇਲ ਕੱਢ ਕੇ ਉਸ ਨੂੰ 200 ਰੁ. ਕਿੱਲੋ ਵੇਚਿਆ ਜਾਂਦਾ ਹੈ। ਉਨ੍ਹਾਂ ਉਦਹਾਰਣ ਦਿੰਦਿਆਂ ਦੱਸਿਆ ਕਿ ਕਿਸਾਨ ਦੀ ਲਾਗਤ 15 ਹਜ਼ਾਰ ਹੈ ਪਰ ਸਰਕਾਰ ਵਲੋਂ ਉਸ ਦੀ ਖ਼ਰੀਦ ਸਿਰਫ 8 ਹਜ਼ਾਰ ਵਿਚ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨ ਨੂੰ ਘਾਟਾ ਹੀ ਹੁੰਦਾ ਹੈ ਉਨ੍ਹਾਂ ਕਿਹਾ ਕਿ ਇੱਕ ਪਾਣੀ ਦੀ ਬੋਤਲ 20 ਰੁ ਦੀ ਹੈ ਪਰ ਕਿਸਾਨ ਵਲੋਂ ਉਗਾਈ ਜਾਂਦੀ ਕਣਕ ਸਿਰਫ 15 ਰੁ ਕਿੱਲੋ ਵਿਕਦਾ ਹੈ ਤਾਂ ਇਸ ਦਾ ਮਤਲਬ ਕਿ ਕਿਸਾਨ ਦੀ ਫ਼ਸਲ ਪਾਣੀ ਤੋਂ ਵੀ ਸਸਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਕਾਨੂੰਨ ਲਿਆ ਕੇ ਪੂਰੇ ਦੇਸ਼ ਨੂੰ ਭੁੱਖਮਰੀ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਕਾਸ ਦਾ ਨਾਹਰਾ ਮਾਰਦੀ ਹੈ ਪਰ ਉਨ੍ਹਾਂ ਦੇ ਰਾਜ ਵਿਚ ਅੱਜ ਅੱਠ ਸਾਲ ਦੀ ਬੱਚੀ ਤੋਂ ਲੈ ਕੇ ਨੱਬੇ ਸਾਲ ਦੀ ਔਰਤ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਕਾਨੂੰਨ ਲਿਆ ਕੇ ਅਤੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਢੱਕਣਾ ਚਾਹੁੰਦੀ ਹੈ ਤਾਂ ਜੋ ਕੋਈ ਵੀ ਆਪਣੇ ਹੱਕ ਦੀ ਆਵਾਜ਼ ਬੁਲੰਦ ਨਾ ਕਰ ਸਕੇ ਪਰ ਇਸ ਕਿਸਾਨ ਅੰਦੋਲਨ ਨੇ ਸਾਰਿਆਂ ਵਿਚ ਚੇਤਨਾ ਪੈਦਾ ਕੀਤੀ ਹੈ ਕਿ ਕਿਵੇਂ ਆਪਣੇ ਹੱਕ ਦੀ ਲੜਾਈ ਲੜੀ ਜਾਂਦੀ ਹੈ।

ਇਸ ਮੌਕੇ ਮੋਹਾਲੀ ਤੋਂ MPAP ਦੇ ਮੈਂਬਰਾਂ ਨੇ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਵੀ ਕਿਸਾਨੀ ਸੰਘਰਸ਼ ਦੇ ਨਾਲ ਹਨ ਅਤੇ ਕਿਸਾਨਾਂ ਤੋਂ ਪ੍ਰੇਰਿਤ ਹੋ ਕਿ ਇਸ ਅੰਦੋਲਨ ਵਿਚ ਆਪਣੇ ਹੱਕ ਮੰਗਣ ਆਏ ਹਨ। ਉਨ੍ਹਾਂ ਨੇ ਆਪਣੇ ਹੱਥ ਵਿਚ 'ਸੰਵਿਧਾਨ ਬਚਾਉ ਦੇਸ਼ ਬਚਾਉ' ਦੀਆਂ ਤਖਤੀਆਂ ਫੜ੍ਹਿਆਂ ਹੋਈਆਂ ਸਨ। 
ਸੁਲਤਾਨਵਿੰਡ ਅੰਮ੍ਰਿਤਸਰ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ 50 ਕਿਸਾਨਾਂ ਦਾ ਜਥਾ ਅੱਜ ਕਿਸਾਨੀ ਸ਼ੰਘਰਸ਼ ਦੀ ਵਰ੍ਹੇਗੰ ਮੌਕੇ ਇਥੇ ਆਇਆ ਹੈ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੱਦ ਹੋਏ ਹਨ ਤਾਂ ਸਿਰਫ ਕਿਸਾਨਾਂ ਦੇ ਏਕੇ ਕਰ ਕੇ ਹੀ ਹੋਏ ਹਨ। 

ਦੱਸ ਦੇਈਏ ਕਿ ਕਿਸਾਨੀ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋਣ ਤੇ ਵੱਡੀ ਗਿਣਤੀ ਵਿਚ ਕਿਸਾਨ, ਔਰਤਾਂ ਪੰਜਾਬ ਹੀ ਨਹੀਂ ਹਰਿਆਣਾ ਤੋਂ ਵਿਚ ਪਹੁੰਚੇ ਇਸ ਮੌਕੇ ਸੋਨੀਪਤ ਤੋਂ ਆਏ ਹੋਏ ਜਥੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਜੋ ਫਾਇਦਾ ਹੋਇਆ ਹੈ ਉਹ ਇਹ ਕਿ ਭਾਈਚਾਰਕ ਸਾਂਝ ਹੋਰ ਮਜਬੂਤ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਨੂੰ ਹੇਠਾਂ ਸੁੱਟਣਾ ਚਾਹੁੰਦੀ ਸੀ ਪਰ ਕਿਸਾਨਾਂ ਦੇ ਇਕੱਠ ਨੇ ਆਪਣੀ ਏਕਤਾ ਅਤੇ ਮਜਬੂਤੀ ਦਾ ਪ੍ਰਦਰਸ਼ਨ ਕੀਤਾ ਹੈ ਇਸ ਅੰਦੋਲਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਔਰਤ ਮਰਦ ਬਰਾਬਰ ਦੀ ਹਿੱਸੇਦਾਰੀ ਪਾ ਰਹੇ ਹਨ  ਉਨ੍ਹਾਂ ਨੇ ਹਰਿਆਣਾ -ਪੰਜਾਬ ਏਕਤਾ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ। 

ਇਸ ਮੌਕੇ ਬੀਬੀਆਂ ਨੇ ਕਿਹਾ ਕਿ ਗੋਦੀ ਮੀਡਿਆ ਵਲੋਂ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਸੰਘਰਸ਼ ਠੰਡਾ ਪੈ ਗਿਆ ਹੈ ਪਰ ਸੰਯੁਕਤ ਮੋਰਚੇ ਦੇ ਇੱਕ ਸੱਦੇ 'ਤੇ ਇਕੋ ਰਾਤ ਵਿਚ ਇੰਨਾ ਇਕੱਠ ਹੋ ਗਿਆ ਹੈ ਤਾਂ ਇਸ ਤੋਂ ਉਨ੍ਹਾਂ ਨੂੰ ਕਿਸਾਨਾਂ ਦੇ ਜੋਸ਼ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ। 

ਉਨ੍ਹਾਂ ਕਿਹਾ, ''ਅਭੀ ਤੋਂ ਯੇ ਅੰਗੜਾਈ ਹੈ ਅੱਗੇ ਬਹੁਤ ਲੜਾਈ ਹੈ'' ਸਾਡੇ ਬੱਚਿਆਂ ਨੇ ਉਚੇਰੀ ਵਿਦਿਆ ਵੀ ਹਾਸਲ ਕੀਤੀ ਹੈ ਅਤੇ ਉਹ ਕਿਰਸਾਨੀ ਦੀਆਂ ਜੜ੍ਹਾਂ ਨਾਲ ਵੀ ਜੁੜੇ ਹੋਏ ਹਨ ਤੇ ਆਪਣੇ ਹੱਕਾਂ ਦੀ ਰਾਖੀ ਵੀ ਕਰਨੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ।