ਬੱਬੂ ਮਾਨ ਦੀ ਧਮਾਕੇਦਾਰ ਸਪੀਚ, 'ਇਹ ਪਹਿਲੀ ਲੜਾਈ ਨਹੀਂ ਸਗੋਂ ਲੜਾਈਆਂ ਤਾਂ ਹਜੇ ਬਾਕੀ ਨੇ'
'ਸਰਕਾਰ ਦੀ ਆਦਤ ਵੀ ਚੇਤਕ ਸਕੂਟਰ ਵਰਗੀ ਟੇਡਾ ਕਰਕੇ ਕਿੱਕ ਮਾਰਨੀ ਪੈਂਦੀ ਹੈ'
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਕਿਸਾਨੀ ਅੰਦੋਲਨ ਨੂੰ ਸਾਲ ਪੂਰਾ ਹੋਣ 'ਤੇ ਅੱਜ ਦਿੱਲੀ ਦੀਆਂ ਸਰਹੱਦਾਂ ਉੱਪਰ ਵੱਡੇ ਇਕੱਠ ਕੀਤੇ ਗਏ ਹਨ। ਇੱਥੇ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਧਮਾਕੇਦਾਰ ਸਪੀਚ ਦਿੱਤੀ।
ਬੱਬੂ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਆਦਤ ਵੀ ਚੇਤਕ ਸਕੂਟਰ ਵਰਗੀ ਟੇਡਾ ਕਰਕੇ ਕਿੱਕ ਮਾਰਨੀ ਪੈਂਦੀ ਹੈ। ਆਪਾਂ ਮਿਲਜੁਲ ਕੇ ਰਹਿਣਾ ਹੈ। ਇਕ ਦੂਜੇ ਨਾਲ ਕਿਸੇ ਨੇ ਲੜਨਾ ਨਹੀਂ ਹੈ। ਬੱਬੂ ਮਾਨ ਨੇ ਕਿਹਾ ਕਿ ਟਵੀਟ 'ਤੇ ਲੜਾਈ ਨਾ ਕਰੋ। ਕਿਸੇ ਬੀਬੀ ਨੂੰ ਕੋਈ ਮਾੜਾ ਚੰਗਾ ਨਾ ਕਹੋ। ਉਨ੍ਹਾਂ ਕਿਹਾ ਕਿ ਸਭ ਕੁਝ TRP ਕਰਕੇ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਪਹਿਲੀ ਲੜਾਈ ਨਹੀਂ ਹੈ ਜਿਸਨੂੰ ਜਿੱਤ ਕੇ ਘਰ ਬੈਠ ਜਾਣਾ ਹੈ। ਇਹ ਤਾਂ ਹਜੇ ਸ਼ੁਰੂਆਤ ਹੈ। ਲੜਾਈਆਂ ਤਾਂ ਬਹੁਤ ਪਈਆਂ ਹਨ। MSP ਮੁੱਦਾ ਰਹਿੰਦਾ ਹੈ। ਸਰਕਾਰੀ ਮੁਲਾਜ਼ਮਾਂ ਨੂੰ 108 ਤਰ੍ਹਾਂ ਦੇ ਭੱਤੇ ਮਿਲਦੇ ਹਨ। ਕਦੇ ਕਿਸਾਨ ਜਾਂ ਮਜ਼ਦੂਰ ਨੂੰ ਇਹ ਭੱਤੇ ਮਿਲੇ ਹਨ। ਇਸ ਲਈ ਸਾਡੀਆਂ ਲੜਾਈਆਂ ਤਾਂ ਬਹੁਤ ਲੰਮੀਆਂ ਹਨ।
ਬੱਬੂ ਮਾਨ ਨੇ ਯੂਨੀਅਨ ਨੂੰ ਵੀ ਅਪੀਲ ਕੀਤੀ ਕਿ ਵੋਟਾਂ ਤੱਕ ਇਕੱਠਾ ਰਹਿਣਾ, ਅਲੱਗ ਨਾ ਹੋ ਜਾਣਾ, ਕਿਸੇ ਪਾਰਟੀ ਦੇ ਲਾਲਚ 'ਚ ਨਾ ਆਉਣਾ। 3 ਰੁਪਏ ਵਾਧਾ ਘਾਟਾ ਵੋਟ ਤੱਕ ਹੀ ਹੈ। ਇਸ ਲਈ ਕੋਈ ਪੱਕੀ ਨੀਤੀ ਬਣੇ। ਬਿਜਲੀ ਕਰਾਰ ਰੱਦ ਹੋਣ। ਉਹਨਾਂ ਕਿਹਾ ਕਿ ਸਬਸਿਡੀਆਂ ਦੇ ਚੱਕਰਾਂ ਵਿਚ ਨਾ ਪੈਣਾ, ਅਸੀਂ ਸਬਸਿਡੀਆਂ ਨਹੀਂ ਸਗੋਂ ਅਣਖ ਨਾਲ ਰਹਿਣਾ ਚਾਹੁੰਦੇ ਹਾਂ।
ਦੱਸ ਦਈਏ ਕਿ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਕਿਸਾਨ ਅਜੇ ਵੀ ਮੋਰਚੇ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਸੰਸਦ ਵਿੱਚ ਰੱਦ ਨਹੀਂ ਕਰਦੀ ਤੇ ਕਿਸਾਨਾਂ ਦੇ ਹੋਰ ਮਸਲੇ ਹੱਲ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।