ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ: ਕਿਸਾਨਾਂ ਨੇ ਮੁੜ ਦਿੱਲੀ ਵੱਲ ਕਾਫ਼ਲਿਆਂ ’ਚ ਵਹੀਰਾਂ ਘੱਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਰਚੇ ਦਾ ਸਾਲ ਪੂਰਾ ਹੋਣ ਤੇ ਵਰ੍ਹੇਗੰਢ ਸਮਾਗਮ ਬਹਾਨੇ ਮੋਰਚੇ ਦਾ ਵੱਡਾ ਸ਼ਕਤੀ ਪ੍ਰਦਰਸ਼ਨ ਅੱਜ

Farmers Protest

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਮੋਦੀ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਕਰ ਦਿਤਾ ਹੈ ਅਤੇ ਇਨ੍ਹਾਂ ਨੂੰ ਰੱਦ ਕਰਨ ਦਾ ਬਿਲ ਸੰਸਦ ਵਿਚ ਆ ਰਿਹਾ ਹੈ ਪਰ ਦਿੱਲੀ ਦੇ ਮੋਰਚਿਆਂ ਅਤੇ ਪੰਜਾਬ ਤੋਂ ਹੋਰ ਰਾਜਾਂ ’ਚ ਚੱਲ ਰਹੇ ਕਿਸਾਨ ਸੰਘਰਸ਼ ਵਿਚ ਹੋਰ ਜੋਸ਼ ਭਰ ਗਿਆ ਹੈ। ਐਮਐਸਪੀ ਦੀ ਗਾਰੰਟੀ ਸਮੇਤ ਹੋਰ ਬਾਕੀ ਬਚੀਆਂ ਮੰਗਾਂ ਨੂੰ ਵੀ ਪ੍ਰਵਾਨ ਕਰਵਾਉਣ ਲਈ ਵੀ ਸੰਘਰਸ਼ ਵਿਚ ਇਕ ਦਮ ਤੇਜ਼ੀ ਆਈ ਹੈ।

26 ਨਵੰਬਰ ਯਾਨੀ ਅੱਜ ਕਿਸਾਨ ਮੋਰਚੇ ਦਾ ਇਕ ਸਾਲ ਪੂਰਾ ਹੋਣ ’ਤੇ ਵਰ੍ਹੇਗੰਢ ਮਨਾਉਣ ਲਈ ਇਕ ਵਾਰ ਫੇਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵਲ ਕਾਫ਼ਲੇ ਬੰਨ੍ਹ ਕੇ ਵਹੀਰਾਂ ਘੱਤ ਦਿਤੀਆਂ ਹਨ। ਮੋਰਚੇ ਦੀ ਸ਼ੁਰੂਆਤ ਵਾਲਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਅਤੇ ਹਰ ਪਿੰਡ ’ਚੋਂ ਬਜ਼ੁਰਗ ਔਰਤਾਂ ਤੇ ਬੱਚਿਆਂ ਸਮੇਤ ਵੱਖ ਵੱਖ ਸਾਧਨਾਂ ਰਾਹੀਂ ਹਜ਼ਾਰਾਂ ਕਿਸਾਨ ਦਿੱਲੀ ਵੱਲ ਨੂੰ ਚਾਲੇ ਪਾ ਚੁਕੇ ਹਨ। ਦਿੱਲੀ ਨੂੰ ਜਾਣ ਵਾਲੀਆਂ ਬਸਾਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਉਪਰ ਵੀ ਕਿਸਾਨਾਂ ਦੀਆਂ ਭੀੜਾਂ ਦਿਖਾਈ ਦੇ ਰਹੀਆਂ ਹਨ।

ਵੱਡੀ ਗਿਣਤੀ ਵਿਚ ਹਜ਼ਾਰਾਂ ਕਿਸਾਨ ਟਰੈਕਟਰਾਂ ਸਮੇਤ ਰਾਸ਼ਨ ਪਾਣੀ ਲੈ ਕੇ ਦਿੱਲੀ ਦੀਆਂ ਹੱਦਾਂ ਵੱਲ ਵਧੇ ਹਨ। 26 ਨਵੰਬਰ ਨੂੰ ਵਰ੍ਹੇਗੰਢ ਦੇ ਬਹਾਨੇ ਕਿਸਾਨ ਮੋਰਚੇ ਦਾ ਦਿੱਲੀ ਸਦੀਆਂ ਹੱਦਾਂ ਉਪਰ ਇਹ ਵੱਡਾ ਸ਼ਕਤੀ ਪ੍ਰਦਰਸ਼ਨ ਹੀ ਹੋਵੇਗਾ। ਇਸ ਵਿਚ ਪਹਿਲਾਂ ਵਾਂਗ ਲੱਖਾਂ ਲੋਕਾਂ ਦਾ ਇਕੱਠ ਜੁੜੇਗਾ। ਇਸ ਦਾ ਮਕਸਦ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਉਪਰ ਦਬਾ ਵਧਾਉਣਾ ਵੀ ਹੈ ਤਾਂ ਜੋ ਉਹ ਗੱਲਬਾਤ ਸ਼ੁਰੂ ਕਰ ਕੇ ਐਮਐਸਪੀ ਤੇ ਹੋਰ ਬਾਕੀ ਮੰਗਾਂ ਦਾ ਵੀ ਨਿਪਟਾਰਾ ਕਰੇ। ਸੰਸਦ ਵੱਲ ਕੂਚ ਦਾ ਐਕਸ਼ਨ ਵੀ ਸੰਕੇਤਕ ਤੌਰ ’ਤੇ ਕੇਂਦਰ ਸਰਕਾਰ ’ਤੇ ਦਬਾ ਵਧਾਉਣ ਦੀ ਰਣਨੀਤੀ ਦਾ ਹੀ ਹਿੱਸਾ ਹੈ।

ਜੇਕਰ 29 ਨਵੰਬਰ ਨੂੰ ਸੈਸ਼ਨ ਵਿਚ ਬਿਲ ਰੱਦ ਹੋ ਗਏ ਤਾਂ ਉਸ ਤੋਂ ਬਾਅਦ ਬਾਕੀ ਰਹਿੰਦੀਆਂ ਮੰਗਾਂ ’ਤੇ ਵੀ ਫ਼ੈਸਲਾ ਸੰਭਵ ਹੈ। ਇਸ ਤਰ੍ਹਾਂ ਨਵੇਂ ਸਾਲ ਵਿਚ ਕਿਸਾਨਾਂ ਦੀ ਘਰਾਂ ਨੂੰ ਵਾਪਸੀ ਹੋ ਸਕਦੀ ਹੈ ਅਤੇ ਲੱਖਾਂ ਦਾ ਇਕੱਠ ਵੱਡੇ ਜਸ਼ਨ ਵਿਚ ਹੀ ਵਾਪਸੀ ਕਰੇਗਾ। ਕੇਂਦਰ ਸਰਕਾਰ ਵੀ ਹੁਣ ਪੰਜ ਰਾਜਾਂ ਦੀਆਂ ਚੋਣਾਂ ਸਿਰ ’ਤੇ ਹੋਣ ਕਾਰਨ ਕਿਸਾਨ ਮੋਰਚੇ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਵਿਚ ਹੈ।

ਕਿਸਾਨ ਯੂਨੀਅਨ ਉਗਰਾਹਾਂ ਦਾ 1500 ਵਾਹਨਾਂ ਦਾ ਕਾਫ਼ਲਾ ਘਨੌਰੀ ਤੇ ਡੱਬਵਾਲੀ ਤੋਂ ਰਵਾਨਾ
ਦਿੱਲੀ ਦੀਆਂ ਹੱਦਾਂ ਵਲ 26 ਨਵੰਬਰ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਕੂਚ ਕਰ ਰਹੇ ਕਿਸਾਨਾਂ ’ਚੋਂ ਸੱਭ ਤੋਂ ਵੱਡੀ ਗਿਣਤੀ ਭਾਰਤੀ ਕਿਸਾਨ ਯੂਨੀਅਨ ‘ਉਗਰਾਹਾਂ’ ਦੀ ਹੈ। ਯੂਲੀਅਨ ਦੇ 1500 ਵਾਹਨ ਜਿਨ੍ਹਾਂ ਵਿਚ ਬਸਾਂ ਤੇ ਟਰੱਕ ਆਦਿ ਸ਼ਾਮਲ ਹਨ, ਅੱਜ ਘਨੌਰੀ ਤੇ ਡੱਬਵਾਲੀ ਦੀ ਹੱਦ ਤੋਂ ਰਵਾਨਾ ਹੋਵੇਗਾ। ਇਹ ਟਿਕਰੀ ਦੀ ਹੱਦ ’ਤੇ ਜਾਵੇਗਾ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਦੇ ਜਥੇ ਸ਼ਾਮਲ ਹਨ।