ਸੰਵਿਧਾਨ ਭਾਰਤ ਦੀ ਪਛਾਣ ਹੈ : ਰਾਸ਼ਟਰਪਤੀ ਮੁਰਮੂ
ਕਿਹਾ, ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ’ਚ ਕਰ ਰਿਹੈ ਮਦਦ
ਨਵੀਂ ਦਿੱਲੀ : ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੇ 75 ਸਾਲ ਪੂਰੇ ਹੋਣ ਮੌਕੇ ਸੰਵਿਧਾਨ ਭਵਨ (ਪੁਰਾਣਾ ਸੰਸਦ ਭਵਨ) ਦੇ ਕੇਂਦਰੀ ਹਾਲ ਵਿਚ ਇਕ ਵਿਸ਼ੇਸ਼ ਸੰਵਿਧਾਨ ਦਿਵਸ ਪ੍ਰੋਗਰਾਮ ਕੀਤਾ ਗਿਆ। ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਇਸ ਮੌਕੇ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।
ਰਾਸ਼ਟਰਪਤੀ ਨੇ ਅਪਣੇ ਸੰਬੋਧਨ ’ਚ ਕਿਹਾ ਕਿ ਸੰਵਿਧਾਨ ਦੇਸ਼ ਦੀ ਪਛਾਣ ਦਾ ਅਧਾਰ ਹੈ ਅਤੇ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਅਤੇ ਰਾਸ਼ਟਰਵਾਦੀ ਸੋਚ ਨੂੰ ਅਪਣਾਉਣ ਲਈ ਮਾਰਗਦਰਸ਼ਕ ਦਸਤਾਵੇਜ਼ ਵੀ ਹੈ। ਮੁਰਮੂ ਨੇ ਇਹ ਵੀ ਕਿਹਾ ਕਿ ਭਾਰਤੀ ਸੰਸਦ, ਜੋ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਵਿਚ ਜਨਤਕ ਇੱਛਾਵਾਂ ਨੂੰ ਪ੍ਰਗਟ ਕਰਦੀ ਹੈ, ਹੁਣ ਦੁਨੀਆਂ ਭਰ ਦੇ ਕਈ ਲੋਕਤੰਤਰਾਂ ਲਈ ਇਕ ਮਿਸਾਲ ਵਜੋਂ ਕੰਮ ਕਰਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਦੇਸ਼ ਦੇ ਕੌਮੀ ਮਾਣ ਅਤੇ ਕੌਮੀ ਪਛਾਣ ਦਾ ਪਾਠ ਹੈ।
ਮੁਰਮੂ ਨੇ ਕਿਹਾ ਕਿ ਇਸ ਭਾਵਨਾ ਨਾਲ ਅਤੇ ਸਮਾਜਕ ਅਤੇ ਤਕਨੀਕੀ ਵਿਕਾਸ ਨੂੰ ਧਿਆਨ ਵਿਚ ਰਖਦੇ ਹੋਏ, ਅਪਰਾਧਕ ਨਿਆਂ ਪ੍ਰਣਾਲੀ ਨਾਲ ਜੁੜੇ ਮਹੱਤਵਪੂਰਨ ਕਾਨੂੰਨ ਲਾਗੂ ਕੀਤੇ ਗਏ ਹਨ। ਉਨ੍ਹਾਂ ਨੋਟ ਕੀਤਾ ਕਿ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਬੂਤ ਅਧਿਨਿਯਮ, ਸਜ਼ਾ ਦੀ ਬਜਾਏ ਨਿਆਂ ਦੀ ਭਾਵਨਾ ਉਤੇ ਆਧਾਰਤ ਹਨ, ਨੂੰ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੇ ਨਾ ਸਿਰਫ ਸਾਡੇ ਦੇਸ਼ ਨੂੰ ਅੱਗੇ ਲਿਜਾਇਆ ਹੈ ਬਲਕਿ ਡੂੰਘੀ ਸਿਆਸੀ ਸੋਚ ਦੀ ਇਕ ਸਿਹਤਮੰਦ ਪਰੰਪਰਾ ਵੀ ਵਿਕਸਿਤ ਕੀਤੀ ਹੈ। ਆਉਣ ਵਾਲੇ ਯੁੱਗਾਂ ’ਚ, ਜਦੋਂ ਵੱਖ-ਵੱਖ ਲੋਕਤੰਤਰਾਂ ਅਤੇ ਸੰਵਿਧਾਨਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਵੇਗਾ, ਭਾਰਤੀ ਲੋਕਤੰਤਰ ਅਤੇ ਸੰਵਿਧਾਨ ਨੂੰ ਸੁਨਹਿਰੀ ਅੱਖਰਾਂ ਵਿਚ ਬਿਆਨ ਕੀਤਾ ਜਾਵੇਗਾ।’’ ਮੁਰਮੂ ਨੇ ਸੰਸਦ ਮੈਂਬਰਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਦੀ ਸ਼ਾਨਦਾਰ ਪਰੰਪਰਾ ਦੇ ਧਾਰਕ, ਸਿਰਜਣਹਾਰ ਅਤੇ ਗਵਾਹ ਦਸਿਆ ।
ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਸਭਾ ਵਿਚ ਸੰਸਦੀ ਪ੍ਰਣਾਲੀ ਨੂੰ ਅਪਣਾਉਣ ਦੇ ਹੱਕ ਵਿਚ ਦਿਤੀਆਂ ਗਈਆਂ ਸਖ਼ਤ ਦਲੀਲਾਂ ਅੱਜ ਵੀ ਢੁਕਵੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ’ਚ ਲੋਕਾਂ ਦੀਆਂ ਇੱਛਾਵਾਂ ਦਾ ਪ੍ਰਗਟਾਵਾ ਕਰਨ ਵਾਲੀ ਭਾਰਤੀ ਸੰਸਦ ਅੱਜ ਦੁਨੀਆਂ ਭਰ ਦੇ ਕਈ ਲੋਕਤੰਤਰਾਂ ਲਈ ਇਕ ਮਿਸਾਲ ਬਣਦੀ ਹੈ।
ਮੁਰਮੂ ਤੋਂ ਇਲਾਵਾ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ, ਕੇਂਦਰੀ ਮੰਤਰੀ ਜੇ.ਪੀ. ਨੱਢਾ ਅਤੇ ਕਿਰਨ ਰਿਜਿਜੂ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਸ਼ਾਮਲ ਸਨ। ਇਸ ਸਮਾਗਮ ਵਿਚ ਸੰਸਦ ਦੇ ਦੋਹਾਂ ਸਦਨਾਂ ਦੇ ਕਈ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਸ਼ਾਮਲ ਹੋਏ।
ਸੰਵਿਧਾਨ ਦਾ ਡਿਜੀਟਲ ਸੰਸਕਰਣ ਨੌਂ ਭਾਸ਼ਾਵਾਂ ਵਿਚ ਜਾਰੀ
ਰਾਸ਼ਟਰਪਤੀ ਨੇ ਸੰਵਿਧਾਨ ਦਾ ਡਿਜੀਟਲ ਸੰਸਕਰਣ ਨੌਂ ਭਾਸ਼ਾਵਾਂ ਮਲਿਆਲਮ, ਮਰਾਠੀ, ਨੇਪਾਲੀ, ਪੰਜਾਬੀ, ਬੋਡੋ, ਕਸ਼ਮੀਰੀ, ਤੇਲਗੂ, ਉੜੀਆ ਅਤੇ ਅਸਾਮੀ ਵਿਚ ਜਾਰੀ ਕੀਤਾ। ਮੂਲ ਸੰਵਿਧਾਨ ਵਿਚ ਸੁਲੇਖ ਬਾਰੇ ਇਕ ਯਾਦਗਾਰੀ ਕਿਤਾਬਚਾ ਵੀ ਜਾਰੀ ਕੀਤਾ ਗਿਆ। ਪ੍ਰੋਗਰਾਮ ਵਿਚ ਰਾਸ਼ਟਰਪਤੀ ਦੀ ਅਗਵਾਈ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਗਈ।
ਸੰਵਿਧਾਨ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਪੱਤਰ ਲਿਖਿਆ
ਸੰਵਿਧਾਨ ਦਿਵਸ ਦੇ ਮੌਕੇ ਉਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਨੇ ਅਪਣੀਆਂ ਸ਼ੁਭਕਾਮਨਾਵਾਂ ਦਿਤੀਆਂ ਹਨ। ਇਸ ’ਚ, ਉਨ੍ਹਾਂ ਨੇ ਸੰਵਿਧਾਨ ਦੀ ਮਹਾਨਤਾ, ਜੀਵਨ ਵਿਚ ਮੌਲਿਕ ਫਰਜ਼ਾਂ ਦੀ ਮਹੱਤਤਾ, ਅਤੇ ਪਹਿਲੀ ਵਾਰ ਵੋਟਰ ਬਣਨ ਦਾ ਜਸ਼ਨ ਕਿਉਂ ਮਨਾਇਆ ਜਾਣਾ ਚਾਹੀਦਾ ਹੈ, ਵਰਗੇ ਵਿਸ਼ਿਆਂ ਉਤੇ ਅਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਅਪਣੀ ਸਿਆਸੀ ਯਾਤਰਾ ਦਾ ਵੀ ਜ਼ਿਕਰ ਕੀਤਾ। ਇਸ ਚਿੱਠੀ ’ਚ, ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅਪਣੇ ਸੰਵਿਧਾਨਕ ਫਰਜ਼ਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਇਹ ਇਕ ਮਜ਼ਬੂਤ ਲੋਕਤੰਤਰ ਦੀ ਨੀਂਹ ਹਨ।