ਗੁਰੂਗ੍ਰਾਮ ਦਾ ਵਕੀਲ ਪਾਕਿਸਤਾਨੀ ਆਈ.ਐਸ.ਆਈ. ਲਈ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਸਰ ਪੰਜਾਬ ਆਉਂਦਾ ਰਹਿੰਦਾ ਸੀ ਮੁਲਜ਼ਮ ਰਿਜ਼ਵਾਨ

representative image.

ਗੁਰੂਗ੍ਰਾਮ : ਨੂਹ ਪੁਲਿਸ ਨੇ ਇਕ ਵਕੀਲ ਨੂੰ ਕਥਿਤ ਤੌਰ ਉਤੇ ਜਾਸੂਸੀ ਕਰਨ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਜਾਣਕਾਰੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਇਸ ਸਾਲ ਮੇਵਾਤ ਖੇਤਰ ਵਿਚ ਇਕ ਕਥਿਤ ਪਾਕਿਸਤਾਨੀ ਜਾਸੂਸ ਦੀ ਇਹ ਤੀਜੀ ਗ੍ਰਿਫਤਾਰੀ ਹੈ। 

ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਕੀਲ ਦੀ ਪਛਾਣ ਰਿਜ਼ਵਾਨ ਵਜੋਂ ਹੋਈ ਹੈ, ਜੋ ਨੂਹ ਜ਼ਿਲ੍ਹੇ ਦੇ ਖਰਖਾਦੀ ਪਿੰਡ ਦਾ ਰਹਿਣ ਵਾਲਾ ਹੈ। ਕਿਹਾ ਜਾਂਦਾ ਹੈ ਕਿ ਉਹ ਗੁਰੂਗ੍ਰਾਮ ਦੀ ਅਦਾਲਤ ਵਿਚ ਪ੍ਰੈਕਟਿਸ ਕਰ ਰਿਹਾ ਹੈ। ਰਿਜ਼ਵਾਨ ਨੂੰ ਦੋ ਦਿਨ ਪਹਿਲਾਂ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਹੁਣ ਉਸ ਦੇ ਵਿਰੁਧ ਟੌਰੂ ਸਦਰ ਥਾਣੇ ਵਿਚ ਕੇਸ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। 

ਇਕ ਹੋਰ ਵਕੀਲ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਰਿਜ਼ਵਾਨ ਨੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਨੂੰ ਸੰਵੇਦਨਸ਼ੀਲ ਜਾਣਕਾਰੀ ਦਿਤੀ ਸੀ। ਇਕ ਸੀਨੀਅਰ ਜਾਂਚ ਅਧਿਕਾਰੀ ਨੇ ਦਸਿਆ ਕਿ ਰਿਜ਼ਵਾਨ ਕਥਿਤ ਤੌਰ ਉਤੇ ਪਾਕਿਸਤਾਨ ਵਿਚ ਆਈ.ਐਸ.ਆਈ. ਹੈਂਡਲਰਾਂ ਨਾਲ ਜੁੜੇ ਹਵਾਲਾ ਚੈਨਲਾਂ ਰਾਹੀਂ ਕਰੋੜਾਂ ਰੁਪਏ ਭਾਰਤ ਲੈ ਕੇ ਆਇਆ। ਉਸ ਨੇ ਕਥਿਤ ਤੌਰ ਉਤੇ ਇਹ ਪੈਸਾ ਅਤਿਵਾਦੀ ਗਤੀਵਿਧੀਆਂ, ਜਾਸੂਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸਪਲਾਈ ਕੀਤਾ। 

ਉਨ੍ਹਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਰਿਜ਼ਵਾਨ ਦੇ ਪੰਜਾਬ ਨੈਸ਼ਨਲ ਬੈਂਕ ਦੇ ਤਵਾਡੂ ਬ੍ਰਾਂਚ ਦੇ ਖਾਤੇ ’ਚ ਕਈ ਵੱਡੇ ਲੈਣ-ਦੇਣ ਹੋਏ ਹਨ ਅਤੇ ਉਹ ਅਕਸਰ ਪੰਜਾਬ ਆਉਂਦਾ ਰਹਿੰਦਾ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਨੂਹ ਦੇ ਐਸ.ਪੀ. ਰਾਜੇਸ਼ ਕੁਮਾਰ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਤੌਰੂ ਸਦਰ ਥਾਣੇ ’ਚ ਬੀ.ਐਨ.ਐਸ. ਦੀ ਧਾਰਾ 113 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 17 ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। 

ਪੁਲਿਸ ਨੇ ਰਿਜ਼ਵਾਨ ਦੇ ਬੈਂਕ ਖਾਤੇ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਵੱਡੇ ਪੱਧਰ ਉਤੇ ਛਾਪੇਮਾਰੀ ਅਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। 

ਮਈ ’ਚ, ਪੁਲਿਸ ਨੇ ਟੌਰੂ ਖੇਤਰ ਦੇ ਕੰਗਰਕਾ ਪਿੰਡ ਦੇ ਰਹਿਣ ਵਾਲੇ ਮੁਹੰਮਦ ਤਾਰਿਫ ਨੂੰ ਪਾਕਿਸਤਾਨੀ ਹੈਂਡਲਰਾਂ ਨਾਲ ਸੰਵੇਦਨਸ਼ੀਲ ਫੌਜੀ ਜਾਣਕਾਰੀ ਸਾਂਝੀ ਕਰਨ ਅਤੇ ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਏਜੰਟਾਂ ਨੂੰ ਭਾਰਤੀ ਸਿਮ ਕਾਰਡ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਰਜਾਕਾ ਪਿੰਡ ਦੇ ਰਹਿਣ ਵਾਲੇ ਅਰਮਾਨ ਨੂੰ ਵੀ ਮਈ ’ਚ ਜਾਸੂਸੀ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।