ਅਰੁਣਾਚਲ ਪ੍ਰਦੇਸ਼ ਉਤੇ ਸਾਡਾ ਅਧਿਕਾਰ : ਚੀਨ
ਚੀਨ ਨੇ ਭਾਰਤੀ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ
ਬੀਜਿੰਗ : ਚੀਨ ਨੇ ਇਕ ਵਾਰੀ ਫਿਰ ਅਰੁਣਾਚਲ ਪ੍ਰਦੇਸ਼ ਨੂੰ ਅਪਣਾ ਹਿੱਸਾ ਦਸਿਆ ਹੈ। ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਉਤੇ ਚੀਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਜ਼ਾਂਗਨਾਨ (ਚੀਨ ਦੀ ਭਾਸ਼ਾ ਵਿਚ ਅਰੁਣਾਚਲ ਪ੍ਰਦੇਸ਼ ਦਾ ਨਾਂ) ਚੀਨ ਦਾ ਇਲਾਕਾ ਹੈ।
ਚੀਨ ਨੇ ਕਦੇ ਕਥਿਤ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿਤੀ ਜਿਸ ਉਤੇ ਭਾਰਤ ਨੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।’’ ਇਹ ਦਾਅਵਾ ਉਨ੍ਹਾਂ ਇਕ ਭਾਰਤੀ ਔਰਤ ਵਲੋਂ ਸ਼ੰਘਾਈ ਹਵਾਈ ਅੱਡੇ ਹਿਰਾਸਤ ਵਿਚ ਰੱਖੇ ਜਾਣ ਦੇ ਦੋਸ਼ਾਂ ਦੇ ਸਵਾਲ ਉਤੇ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਅਰੁਣਾਚਲ ਪ੍ਰਦੇਸ਼ ਦੀ ਇਕ ਭਾਰਤੀ ਔਰਤ ਨੂੰ ਸ਼ੰਘਾਈ ਹਵਾਈ ਅੱਡੇ ਉਤੇ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਚੀਨ ਦੇ ਅਧਿਕਾਰੀਆਂ ਵਲੋਂ ਕੀਤੀ ਕਾਰਵਾਈ ਕਾਨੂੰਨ ਅਤੇ ਨਿਯਮਾਂ ਹੇਠ ਹੀ ਸੀ। ਨਿੰਗ ਨੇ ਇਹ ਵੀ ਕਿਹਾ ਕਿ ਔਰਤ ਵਲੋਂ ਲਾਏ ਦੋਸ਼ ਅਨੁਸਾਰ ਉਸ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਏਅਰਲਾਈਨ ਨੇ ਆਰਾਮ ਕਰਨ ਅਤੇ ਖਾਣ-ਪੀਣ ਲਈ ਥਾਂ ਵੀ ਮੁਹਈਆ ਕਰਵਾਈ ਸੀ।
ਕੰਟਰੋਲ ਰੇਖਾ ਉਤੇ ਚੀਨ ਵਧਾ ਰਿਹੈ ਫ਼ੌਜ ਦੀ ਮਜ਼ਬੂਤੀ
ਇਸ ਸਮੇਂ ਚੀਨ ਅਤੇ ਭਾਰਤ ਵਿਚਾਲੇ ਸ਼ਾਂਤੀ ਦਾ ਦੌਰ ਚੱਲ ਰਿਹਾ ਹੈ। ਪਰ ਚੀਨ ਇਸ ਸਮੇਂ ਦੀ ਵਰਤੋਂ ਅਪਣੀ ਫੌਜ ਨੂੰ ਮਜ਼ਬੂਤ ਕਰਨ ਲਈ ਕਰ ਰਿਹਾ ਹੈ। ਮਾਹਰਾਂ ਨੇ ਚੀਨੀ ਸਰਹੱਦ ਅਤੇ ਤਿੱਬਤ ਵਿਚ ਚੱਲ ਰਹੀਆਂ ਤਿਆਰੀਆਂ ਦਾ ਪਰਦਾਫ਼ਾਸ਼ ਕਰ ਦਿਤਾ ਹੈ। ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ 2017 ਦੇ ਡੋਕਲਾਮ ਵਿਵਾਦ ਅਤੇ ਜੂਨ 2020 ਦੇ ਗਲਵਾਨ ਘਾਟੀ ਵਿਚ ਹੋਏ ਝੜਪ ਦੇ ਮੁਕਾਬਲੇ ਹੁਣ ਮੁਕਾਬਲਤਨ ਸ਼ਾਂਤ ਹੈ, ਪਰ ਚੀਨ ਤਿੱਬਤ ਵਿਚ ਭਾਰਤੀ ਸਰਹੱਦ ਨੇੜੇ ਅਪਣੇ ਫੌਜੀ ਢਾਂਚੇ ਦਾ ਵਿਸਥਾਰ ਕਰਨਾ ਜਾਰੀ ਰੱਖ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਕੇਤਲਾਂਗ ਵਿਚ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸਹੂਲਤਾਂ, ਮਾਲ-ਅਸਬਾਬ ਕੇਂਦਰਾਂ ਅਤੇ ਸੰਪਰਕ ਦੇ ਦਾਇਰੇ ਦਾ ਵਿਸਥਾਰ ਕਰ ਰਹੀ ਹੈ। (ਏਜੰਸੀ)