ਹੁਣ ਪਲਾਸਟਿਕ ਪ੍ਰਦੂਸ਼ਣ ਖਿਲਾਫ਼ ਲੜਾਈ ਲੜੇਗਾ ਰਿਟਾਇਰਡ ਫ਼ੌਜੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਾੜਾਂ ਨੂੰ 'ਪਲਾਸਟਿਕ ਮੁਕਤ' ਬਣਾਉਣ ਦਾ ਲਿਆ ਅਹਿਦ

file photo

ਕੁੱਲੂ : ਅਜੋਕੇ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਵਿਕਰਾਲ ਰੁਖ ਅਖਤਿਆਰ ਕਰਦੀ ਜਾ ਰਹੀ ਹੈ। ਮਨੁੱਖ ਨੇ ਖੁਦ ਲਈ ਜਿੰਨੀਆਂ ਸੁੱਖ ਸਹੂਲਤਾਂ ਪੈਦਾ ਕੀਤੀਆਂ ਹਨ, ਉਨੀਆਂ ਹੀ ਮੁਸੀਬਤਾਂ ਵੀ ਸਹੇੜ ਲਈਆਂ ਹਨ। ਮਨੁੱਖ ਨੇ ਤਰੱਕੀ ਦੀਆਂ ਮੰਜ਼ਿਲਾਂ ਛੂਹਣ ਦੇ ਚੱਕਰ 'ਚ ਮਿੱਟੀ, ਹਵਾਂ ਤੇ ਪਾਣੀ ਤਕ ਨੂੰ ਗੰਦਲਾ ਬਣਾ ਲਿਆ ਹੈ। ਇਸੇ ਕਾਰਨ ਧਰਤੀ ਦੇ ਤਾਪਮਾਨ 'ਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਕਿਤੇ ਸੋਕਾ ਦੇ ਡੋਬਾ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਹੁਣ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਦੂਸ਼ਣ ਵਿਰੁਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿਤੀ ਹੈ।

ਇਸੇ ਮਕਸਦ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵੱਛਤਾ ਮੁਹਿੰਮ' ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਬਾਅਦ ਲੋਕਾਂ ਦੀ ਸੋਚ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇਸੇ ਤੋਂ ਪ੍ਰੇਰਣਾ ਲੈਂਦਿਆਂ ਹਿਮਾਚਲ ਪ੍ਰਦੇਸ਼ ਦੇ ਇਕ ਰਿਟਾਇਰਡ ਫ਼ੌਜੀ ਨੇ ਪਹਾੜਾਂ ਨੂੰ 'ਪਲਾਸਟਿਕ ਮੁਕਤ' ਕਰਨ ਦਾ ਬੀੜਾ ਚੁਕਿਆ ਹੈ।

ਕਾਬਲੇਗੌਰ ਹੈ ਕਿ ਇਹ ਸੇਵਾਮੁਕਤ ਫ਼ੌਜੀ ਅਪਣਾ ਜ਼ਿਆਦਾਤਰ ਸਮਾਂ ਅਪਣੇ ਪਿੰਡ ਨੇੜਲੇ ਇਲਾਕਿਆਂ ਵਿਚੋਂ ਪਲਾਸਟਿਕ ਇਕੱਠਾ ਕਰਨ 'ਚ ਖ਼ਰਚ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਆਮ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਇਸ ਸਬੰਧੀ ਪ੍ਰੇਰਿਤ ਕਰਦਾ ਰਹਿੰਦਾ ਹੈ। ਉਹ ਇਲਾਕੇ 'ਚ ਆਉਣ ਵਾਲੇ ਸੈਲਾਨੀਆਂ ਨੂੰ ਵੀ ਪਹਾੜਾਂ ਨੂੰ ਹਰਿਆ ਭਰਿਆ ਰਹਿਣ ਦੇਣ ਤੇ ਪਲਾਸਟਿਕ ਦੇ ਕੂੜਾ ਕਰਕਟ ਨੂੰ ਇੱਧਰ-ਉਧਰ ਨਾ ਸੁਟਣ ਲਈ ਕਹਿੰਦਾ ਰਹਿੰਦਾ ਹੈ।

ਸਾਲ 2010 ਵਿਚ ਰਿਟਾਇਰ ਹੋਣ ਤੋਂ ਬਾਅਦ ਗਿਰਧਾਰੀ ਲਾਲ ਅਪਣੇ ਪਿੰਡ ਪਰਤ ਆਇਆ। ਇਸੇ ਦੌਰਾਨ ਉਹ ਪਹਾੜੀ ਇਲਾਕਿਆਂ ਅੰਦਰ ਪਲਾਸਟਿਕ ਦੇ ਫ਼ੈਲ ਰਹੇ ਕਚਰੇ ਨੂੰ ਵੇਖ ਕੇ ਪ੍ਰੇਸ਼ਾਨ ਹੋ ਗਿਆ। ਉਸ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਮਨ ਬਣਾ ਲਿਆ।

ਹੁਣ ਗਿਰਧਾਰੀ ਲਾਲ ਨੇਮ ਨਾਲ ਰੋਜ਼ਾਨਾ ਇਲਾਕੇ ਦੇ ਨਦੀ-ਨਾਲਿਆਂ ਵਿਚ ਪਏ ਪਲਾਸਟਿਕ ਦੇ ਕੂੜੇ-ਕਰਕਟ ਨੂੰ ਬੋਰੀ 'ਚ ਇਕੱਠਾ ਕਰਦਾ ਰਹਿੰਦਾ ਹੈ। ਇਹ ਸਾਰਾ ਕੂੜਾ ਕਰਕਟ ਵਣ ਵਿਭਾਗ ਦੇ ਦਫ਼ਤਰ 'ਚ ਰੱਖ ਦਿੰਦਾ ਹੈ ਜਿੱਥੋਂ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮ ਇਸ ਨੂੰ ਲੈ ਜਾਂਦੇ  ਹਨ। ਲੋਕ ਨਿਰਮਾਣ ਵਿਭਾਗ ਵਲੋਂ ਇਸ ਪਲਾਸਟਿਕ ਦੀ ਵਰਤੋਂ ਸੜਕ ਬਣਾਉਣ ਲਈ ਕੀਤੀ ਜਾਂਦੀ ਹੈ।

ਗਿਰਧਾਰੀ ਲਾਲ ਨੇ ਦਸਿਆ ਕਿ ਬੰਜਾਰ ਉਪ ਮੰਡਲ ਦਾ ਜੀਭੀ ਪਿੰਡ ਕਾਫ਼ੀ ਸੁੰਦਰ ਹੈ। ਇੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਇੱਥੇ ਸੈਲਾਨੀਆਂ ਦੀ ਵਧਦੀ ਗਿਣਤੀ ਦੇ ਨਾਲ-ਨਾਲ ਥਾਂ ਥਾਂ ਪਲਾਸਟਿਕ ਦਾ ਕੂੜਾ-ਕਰਕਟ ਵੀ ਵਧਦਾ ਗਿਆ। ਇਸ ਨੂੰ ਵੇਖ ਕੇ ਉਸਨੂੰ ਕਾਫ਼ੀ ਦੁੱਖ ਹੋਇਆ। ਅਖ਼ੀਰ ਉਸ ਨੇ ਪਲਾਸਟਿਕ ਦੇ ਕੂੜੇ ਕਰਕਟ ਨਾਲ ਨਿਪਟਣ ਦਾ ਮੰਨ ਬਣਾ ਲਿਆ। ਉਦੋਂ ਤੋਂ ਲੈ ਕੇ ਅੱਜ ਤਕ ਗਿਰਧਾਰੀ ਲਾਲ ਇਲਾਕੇ ਦੇ ਨਦੀ-ਨਾਲਿਆਂ, ਸੜਕਾਂ  ਤੇ ਪਿੰਡ ਨੇੜਲੇ ਖਿਲਰੇ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਦਾ ਰਹਿੰਦਾ ਹੈ।