ਚੋਣਾਂ ਤੋਂ ਬਾਅਦ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਸਾਜ਼ਿਸ਼ ਰਚ ਰਿਹਾ ਹੈ ਕੇਂਦਰ: ਕਾਂਗਰਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਮੁਆਫ਼ੀ  ਦਾ ‘‘ਅਪਮਾਨ’’ ਕੀਤਾ ਹੈ

Rahul Gandhi

 

ਨਵੀਂ ਦਿੱਲੀ  : ਕਾਂਗਰਸ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜ ਰਾਜਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਹਾਲ ਹੀ ’ਚ ਰੱਦ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਦੇ ਮੱਦੇਨਜ਼ਰ ਪਾਰਟੀ ਨੇ ਇਨ੍ਹਾਂ ਚੋਣਾਂ ’ਚ ਭਾਜਪਾ ਨੂੰ ਹਰਾ ਕੇ ਉਸ ਨੂੰ ਸਬਕ ਸਿਖਾਉਣ ਦੀ ਲੋਕਾਂ ਤੋਂ ਅਪੀਲ ਕੀਤੀ। ਦਰਅਸਲ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਨਾਗਪੁਰ ’ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਤਿੰਨੇ ਖੇਤੀ ਕਾਨੂੰਨਾਂ ਨੂੰ ਆਜ਼ਾਦੀ ਦੇ ਬਾਅਦ ਲਿਆਂਦਾ ਗਿਆ ਇਕ ਵੱਡਾ ਸੁਧਾਰ ਕਰਾਰ ਦਿਤਾ ਸੀ ਅਤੇ ਸੰਕੇਤ ਦਿਤਾ ਸੀ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਸਕਦੀ ਹੈ।

ਇਸ ਟਿਪਣੀ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਮੁਆਫ਼ੀ  ਦਾ ‘‘ਅਪਮਾਨ’’ ਕੀਤਾ ਹੈ ਅਤੇ ਇਹ ਬੇਹੱਦ ਨਿੰਦਨਯੋਗ ਹੈ। ਉਨ੍ਹਾਂ ਕਿਹਾ, ‘‘ਜੇਕਰ ਮੁੜ ਤੋਂ ਖੇਤੀ ਵਿਰੋਧੀ ਕਦਮ ਅੱਗੇ ਵਧਾਏ ਤਾਂ ਫਿਰ ਤੋਂ ਅੰਨਦਾਤਿਆਂ ਦਾ ਸਤਿਆਗ੍ਰਹਿ ਹੋਵੇਗਾ, ਪਹਿਲਾਂ ਵੀ ਹੰਕਾਰ ਨੂੰ ਹਰਾਇਆ ਸੀ, ਫਿਰ ਹਰਾਵਾਂਗੇ!’’ ਗਾਂਧੀ ਨੇ ‘ਕਿਸਾਨ ਪ੍ਰਦਰਸ਼ਨ’ ਹੈਸ਼ਟੈਗ ਦਾ ਇਸਤੇਮਾਲ ਕੀਤਾ। 

ਤੋਮਰ ਦੀ ਇਸ ਟਿਪਣੀ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਤੋਮਰ ਦੇ ਬਿਆਨ ਤੋਂ ਤਿੰਨ ‘ਕਿਸਾਨ ਵਿਰੋਧੀ’ ਖੇਤੀ ਕਾਨੂੰਨ ਵਾਪਸ ਲਿਆਉਣ ਦੀ ‘ਠੋਸ ਸਾਜ਼ਿਸ਼’ ਦਾ ਪ੍ਰਰਦਾਫਾਸ਼ ਹੋ ਗਿਆ ਹੈ। ਉਨ੍ਹਾਂ  ਕਿਹਾ, ‘‘ਉਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਚੋਣਾਂ ’ਚ ਹਾਰ ਅੰਦਾਜਾ ਲਾਉਂਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਆਫ਼ੀ ਮੰਗੀ ਸੀ ਅਤੇ ਸੰਸਦ ’ਚ ਤਿੰਨ ਕਾਲੇ ਕਾਨੂੰਨਾਂ ਰੱਦ ਕਰ ਦਿਤੀ ਸੀ। ਉਨ੍ਹਾਂ ਕਿਹਾ, ‘‘ਉਦੋਂ ਵੀ ਸਾਨੂੰ ਪ੍ਰਧਾਨ ਮੰਤਰੀ, ਭਾਜਪਾ, ਆਰਐਸਐਸ ਤੇ ਮੋਦੀ ਸਰਕਾਰ ਦੀ ਮੰਸ਼ਾ ’ਤੇ ਸ਼ੱਕ ਸੀ।’’ ਕਾਂਰਗਸ ਬੁਲਾਰੇ ਨੇ ਕਿਹਾ ਕਾਨੂੰਨਾਂ ਨੂੰ ਰੱਦ ਕਰਨ ਦੇ ਤੁਰਤ ਬਾਅਦ, ਭਾਜਪਾ ਦੇ ਕਈ ਆਗੂਆਂ ਨੇ ਬਿਆਨ ਦਿਤੇ ਸਨ ਜੋ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ‘ਸਾਜ਼ਿਸ਼’ ਵਲ ਇਸ਼ਾਰਾ ਕਰਦੇ ਸਨ।