ਮਨ ਕੀ ਬਾਤ: ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਸਾਵਧਾਨ ਰਹੋ ਤੇ ਮਿਲ ਕੇ ਲੜਨ ਦਾ ਸੰਕਲਪ ਲਓ: PM ਮੋਦੀ
ਜੇਕਰ ਅਸੀਂ ਦੁਨੀਆ ਭਰ ਦੇ ਟੀਕਿਆਂ ਦੇ ਅੰਕੜਿਆਂ ਦੀ ਭਾਰਤ ਨਾਲ ਤੁਲਨਾ ਕਰੀਏ ਤਾਂ ਲੱਗਦਾ ਹੈ ਕਿ ਦੇਸ਼ ਨੇ ਬੇਮਿਸਾਲ ਕੰਮ ਕੀਤਾ ਹੈ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਲ ਦਾ ਆਖ਼ਰੀ ਮਨ ਕੀ ਬਾਤ ਪ੍ਰੋਗਰਾਮ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦਾ ਇੱਕ ਨਵਾਂ ਰੂਪ ਆ ਗਿਆ ਹੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਜੇਕਰ ਅਸੀਂ ਦੁਨੀਆ ਭਰ ਦੇ ਟੀਕਿਆਂ ਦੇ ਅੰਕੜਿਆਂ ਦੀ ਭਾਰਤ ਨਾਲ ਤੁਲਨਾ ਕਰੀਏ ਤਾਂ ਲੱਗਦਾ ਹੈ ਕਿ ਦੇਸ਼ ਨੇ ਬੇਮਿਸਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਵੱਡਾ ਟੀਚਾ ਹਾਸਲ ਕੀਤਾ ਹੈ। ਵੈਕਸੀਨ ਦੀਆਂ 140 ਕਰੋੜ ਖੁਰਾਕਾਂ ਦਾ ਮੀਲ ਪੱਥਰ ਪਾਰ ਕਰਨਾ ਹਰ ਭਾਰਤੀ ਦੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਓਮੀਕਰੋਨ ਦੇ ਪ੍ਰਕੋਪ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਵਿਗਿਆਨੀ ਇਸ 'ਤੇ ਕੰਮ ਕਰ ਰਹੇ ਹਨ। ਸਾਨੂੰ ਸਿਰਫ਼ ਸਾਵਧਾਨ ਰਹਿਣ ਦੀ ਲੋੜ ਹੈ।
ਪੀਐਮ ਮੋਦੀ ਨੇ ਸ਼ਹੀਦ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਵੀ ਯਾਦ ਕੀਤਾ।
ਉਹਨਾਂ ਕਿਹਾ ਕਿ ਗਰੁੱਪ ਕੈਪਟਨ ਵਰੁਣ ਉਸ ਹੈਲੀਕਾਪਟਰ ਨੂੰ ਉਡਾ ਰਿਹਾ ਸੀ ਜੋ ਇਸ ਮਹੀਨੇ ਤਾਮਿਲਨਾਡੂ ਵਿਚ ਕ੍ਰੈਸ਼ ਹੋਇਆ ਸੀ। ਉਸ ਵਿਚ ਅਸੀਂ ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਨਾਇਕਾਂ ਨੂੰ ਗੁਆ ਦਿੱਤਾ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਵਰੁਣ ਹਸਪਤਾਲ ਵਿਚ ਸੀ, ਉਸ ਸਮੇਂ ਮੈਂ ਸੋਸ਼ਲ ਮੀਡੀਆ 'ਤੇ ਕੁਝ ਦੇਖਿਆ, ਜੋ ਮੇਰੇ ਦਿਲ ਨੂੰ ਛੂਹ ਗਿਆ। ਉਨ੍ਹਾਂ ਨੂੰ ਇਸ ਸਾਲ ਅਗਸਤ 'ਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਨਮਾਨ ਤੋਂ ਬਾਅਦ, ਉਸ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਪੱਤਰ ਲਿਖਿਆ।
ਪੀਐਮ ਮੋਦੀ ਨੇ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਨੇ ਲਿਖਿਆ ਸੀ ਕਿ ਜੇਕਰ ਉਹ ਇਕ ਵਿਦਿਆਰਥੀ ਨੂੰ ਵੀ ਪ੍ਰੇਰਿਤ ਕਰ ਸਕਦੇ ਹਨ ਤਾਂ ਇਹ ਵੀ ਕਾਫੀ ਹੋਵੇਗਾ। ਪਰ, ਅੱਜ ਮੈਂ ਇਹ ਕਹਿਣਾ ਚਾਹਾਂਗਾ ਕਿ ਉਨ੍ਹਾਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਉਹਨਾਂ ਦੀ ਚਿੱਠੀ ਭਾਵੇਂ ਵਿਦਿਆਰਥੀ ਲਈ ਸੀ ਪਰ ਉਹਨਾਂ ਨੇ ਸਾਡੇ ਸਮੁੱਚੇ ਸਮਾਜ ਨੂੰ ਸੁਨੇਹਾ ਦਿੱਤਾ ਹੈ। ਦੋਸਤੋ, ਔਸਤ ਤੋਂ ਅਸਾਧਾਰਨ ਬਣਨ ਦਾ ਜੋ ਮੰਤਰ ਉਹਨਾਂ ਨੇ ਦਿੱਤਾ ਹੈ, ਉਹ ਵੀ ਓਨਾ ਹੀ ਮਹੱਤਵਪੂਰਨ ਹੈ।
ਦੱਸ ਦਈਏ ਕਿ ਇਹ ਪੀਐਮ ਮੋਦੀ ਦਾ ਸਾਲ ਦਾ 84ਵਾਂ ਅਤੇ ਆਖ਼ਰੀ ਮਨ ਕੀ ਬਾਤ ਪ੍ਰੋਗਰਾਮ ਸੀ।
ਜਿਕਰਯੋਗ ਹੈ ਕਿ 'ਮਨ ਕੀ ਬਾਤ' ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਰਾਸ਼ਟਰ ਦੇ ਨਾਮ ਆਪਣੇ ਵਿਸ਼ੇਸ਼ ਸੰਬੋਧਨ 'ਚ ਤਿੰਨ ਵੱਡੇ ਐਲਾਨ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਹੁਣ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਫਰੰਟਲਾਈਨ ਵਰਕਰਾਂ, ਸਿਹਤ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦਾ ਐਲਾਨ ਵੀ ਕੀਤਾ ਹੈ।