ਖੇਤੀ ਕਾਨੂੰਨਾਂ 'ਤੇ ਤੋਮਰ ਦੇ ਬਿਆਨ 'ਤੇ ਟਿਕੈਤ ਦਾ ਜਵਾਬ, 'ਯਾਦ ਰਹੇ ਕਿਸਾਨਾਂ ਲਈ ਦਿੱਲੀ ਦੂਰ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਖੇਤੀਬਾੜੀ ਮੰਤਰੀ ਵਲੋਂ ਦਿਤਾ ਇਹ ਬਿਆਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖ਼ਾ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਉਣ ਵਾਲਾ ਹੈ'

File photo

 

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਵਲੋਂ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਦਿੱਤੇ ਗਏ ਤਾਜ਼ਾ ਬਿਆਨ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

 

 

ਉਨ੍ਹਾਂ ਕਿਹਾ ਕਿ ਉਹਨਾਂ ਦਾ ਬਿਆਨ ਕਿਸਾਨਾਂ ਨਾਲ ਧੋਖਾ ਕਰਨ ਵਾਲਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ  ਨੂੰ ਨੀਵਾਂ ਵਿਖਾਉਣ ਵਾਲਾ ਹੈ। ਨਰਿੰਦਰ ਤੋਮਰ ਨੇ ਸ਼ੁੱਕਰਵਾਰ ਨੂੰ ਨਾਗਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੰਕੇਤ ਦਿੱਤਾ ਸੀ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਸਕਦੀ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨਿਰਾਸ਼ ਨਹੀਂ ਹੈ, ਅਸੀਂ ਇਕ ਕਦਮ ਪਿੱਛੇ ਹਟ ਗਏ ਹਾਂ, ਫਿਰ ਅੱਗੇ ਵਧਾਂਗੇ।

ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਟਵੀਟ ਕਰਦਿਆਂ ਲਿਖਿਆ, 'ਅਸੀਂ ਇੱਕ ਕਦਮ ਪਿੱਛੇ ਹਟੇ ਹਾਂ ਫਿਰ ਅੱਗੇ ਵਧਾਂਗੇ', ਨਾਗਪੁਰ ਵਿਚ ਖੇਤੀਬਾੜੀ ਮੰਤਰੀ ਵਲੋਂ ਦਿਤਾ ਇਹ ਬਿਆਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖ਼ਾ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਉਣ ਵਾਲਾ ਹੈ। ਭਾਰਤੀ ਕਿਸਾਨ ਯੂਨੀਅਨ ਇਹੋ ਜਿਹੇ ਗ਼ੈਰ-ਜ਼ਿੰਮੇਵਾਰਾਨਾਂ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਯਾਦ ਰਹੇ ਕਿਸਾਨਾਂ ਲਈ ਦਿੱਲੀ ਦੂਰ ਨਹੀਂ।