ਕੋਰੋਨਾ ਮਾਮਲਿਆਂ 'ਚ ਤੇਜ਼ੀ, ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਮਿਲ ਰਹੇ ਸੰਕ੍ਰਮਿਤ ਮਰੀਜ਼
ਕੋਲਕਾਤਾ ਅਤੇ ਦਿੱਲੀ ਹਵਾਈ ਅੱਡਿਆਂ 'ਤੇ ਕਈ ਯਾਤਰੀ ਪਾਏ ਗਏ ਕੋਵਿਡ ਪਾਜ਼ਿਟਿਵ
ਕੋਲਕਾਤਾ - ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕੋਲਕਾਤਾ ਹਵਾਈ ਅੱਡੇ 'ਤੇ ਇੱਕ ਬ੍ਰਿਟਿਸ਼ ਨਾਗਰਿਕ ਸਮੇਤ ਵਿਦੇਸ਼ੀ ਤੋਂ ਵਾਪਸ ਪਰਤੇ ਦੋ ਜਣਿਆਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ। ਬ੍ਰਿਟਿਸ਼ ਪਾਸਪੋਰਟ ਵਾਲੀ ਮਹਿਲਾ ਯਾਤਰੀ ਕੁਆਲਾਲੰਪੁਰ ਤੋਂ ਕੋਲਕਾਤਾ ਪਹੁੰਚੀ ਸੀ, ਅਤੇ ਦੂਜਾ ਯਾਤਰੀ ਪੁਰਸ਼ ਹੈ ਦੁਬਈ ਤੋਂ ਆਇਆ ਸੀ। ਉਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਅਤੇ ਸੋਮਵਾਰ ਨੂੰ ਵਾਪਸ ਆਇਆ ਸੀ।
ਪਤਾ ਲੱਗਿਆ ਹੈ ਕਿ ਦੋਵਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਬ੍ਰਿਟਿਸ਼ ਨਾਗਰਿਕ ਨੂੰ ਸਰਕਾਰੀ ਬੇਲਿਆਘਾਟਾ ਆਈ.ਡੀ. ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਯਾਤਰੀ ਦਾ ਆਰਟੀ-ਪੀਸੀਆਰ ਟੈਸਟ ਕਰਵਾਇਆ ਗਿਆ ਹੈ।
ਜ਼ਿਲ੍ਹੇ ਦੇ ਇੱਕ ਸੀਨੀਅਰ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਕੋਲਕਾਤਾ ਤੋਂ ਇਹ ਖ਼ਬਰ ਉਸ ਦੌਰਾਨ ਆਈ ਹੈ ਜਦੋਂ ਗਯਾ ਵਿੱਚ ਕੋਰੋਨਾ ਟੈਸਟ ਦੌਰਾਨ ਪਾਜ਼ਿਟਿਵ ਰਹਿਣ ਵਾਲੇ ਚਾਰ ਵਿਦੇਸ਼ੀਆਂ ਦੇ ਨਮੂਨੇ ਐਤਵਾਰ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਯੂਨਾਈਟਿਡ ਕਿੰਗਡਮ ਦੀ 60 ਸਾਲਾ ਔਰਤ ਦੀ ਕੋਵਿਡ ਰਿਪੋਰਟ ਵੀ ਪਿਛਲੇ ਹਫ਼ਤੇ ਸਕਾਰਾਤਮਕ ਆਈ ਸੀ।
ਐਤਵਾਰ ਨੂੰ ਕੋਰੋਨਾ ਟੈਸਟ 'ਚ ਪਾਜ਼ਿਟਿਵ ਆਉਣ ਵਾਲੇ ਚਾਰ ਵਿਦੇਸ਼ੀਆਂ ਵਿੱਚੋਂ ਤਿੰਨ ਥਾਈਲੈਂਡ ਦੇ ਹਨ, ਤੇ ਚੌਥਾ ਮਿਆਂਮਾਰ ਦਾ ਹੈ। ਅਧਿਕਾਰੀ ਨੇ ਕਿਹਾ ਕਿ ਪੰਜਾਂ ਵਿੱਚ ਪ੍ਰਤੱਖ ਲੱਛਣ ਨਹੀਂ ਸਨ।
ਇਸ ਦੌਰਾਨ, ਮਿਆਂਮਾਰ ਦੀ ਯਾਤਰਾ ਕਰਨ ਵਾਲੇ ਚਾਰ ਅੰਤਰਰਾਸ਼ਟਰੀ ਯਾਤਰੀਆਂ ਦੀ ਵੀ ਦਿੱਲੀ ਹਵਾਈ ਅੱਡੇ 'ਤੇ ਕੀਤੀ ਜਾਂਚ ਦੌਰਾਨ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ। ਸੰਕਰਮਿਤ ਵਿਅਕਤੀਆਂ ਨੂੰ ਦਿੱਲੀ ਦੇ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।