ਲੋਨ ਧੋਖਾਧੜੀ ਦੇ ਮਾਮਲੇ ਵਿੱਚ ਸਾਬਕਾ ਵੀਡੀਓਕਾਨ ਚੇਅਰਮੈਨ ਵੇਣੂਗੋਪਾਲ ਧੂਤ ਨੂੰ CBI ਨੇ ਕੀਤਾ ਗ੍ਰਿਫਤਾਰ
ਜਾਂਚ ਏਜੰਸੀ ਨੇ ਦੋ ਦਿਨ ਪਹਿਲਾਂ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਗ੍ਰਿਫ਼ਤਾਰ ਕੀਤਾ ਸੀ...
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਵੀਡੀਓਕਾਨ ਦੇ ਸਾਬਕਾ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਆਈਸੀਆਈਸੀਆਈ ਬੈਂਕ ਲੋਨ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਨੇ ਦੋ ਦਿਨ ਪਹਿਲਾਂ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ, ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਸ ਦੇ ਪਤੀ ਦੀਪਕ ਕੋਚਰ ਨੂੰ 3 ਦਿਨਾਂ (24 ਤੋਂ 26 ਦਸੰਬਰ) ਲਈ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਸੀ। ਚੰਦਾ ਅਤੇ ਦੀਪਕ ਕੋਚਰ ਨੂੰ ਸੀਬੀਆਈ ਨੇ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫਤਾਰੀ ਵੀਡੀਓਕਾਨ ਸਮੂਹ ਨੂੰ ਨਿਯਮਾਂ ਦੇ ਖਿਲਾਫ ਦਿੱਤੇ ਗਏ ਕਰੋੜਾਂ ਰੁਪਏ ਦੇ ਕਰਜ਼ੇ ਦੇ ਮਾਮਲੇ 'ਚ ਕੀਤੀ ਗਈ ਹੈ।
ਇਲਜ਼ਾਮ ਹੈ ਕਿ ਜਦੋਂ ਚੰਦਾ ਕੋਚਰ ਨੇ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕਾਂ ਵਿੱਚੋਂ ਇੱਕ ICICI ਬੈਂਕ ਦਾ ਚਾਰਜ ਸੰਭਾਲਿਆ ਸੀ ਤਾਂ ਨਿਯਮਾਂ ਦੀ ਉਲੰਘਣਾਂ ਕਰਦਿਆਂ ਵੀਡੀਓਕਾਨ ਦੀਆਂ ਵੱਖ-ਵੱਖ ਕੰਪਨੀਆਂ ਨੂੰ ਕਰਜ਼ੇ ਮਨਜ਼ੂਰ ਕੀਤੇ ਸਨ। ਇਨ੍ਹਾਂ ’ਚ 2012 ਵਿਚ ਦਿੱਤਾ ਗਿਆ 3250 ਕਰੋੜ ਰੁਪਏ ਦਾ ਲੋਨ ਵੀ ਸ਼ਾਮਲ ਹੈ।
ਘੱਟ ਤੋਂ ਘੱਟ 2 ਲੋਨ ਉਨ੍ਹਾਂ ਕਮੇਟੀਆਂ ਨੇ ਸਵੀਕਾਰ ਕੀਤੇ ਸਨ ਜਿਨ੍ਹਾਂ ’ਚ ਚੰਦਾ ਕੋਚਰ ਮੈਂਬਰ ਸਨ। ਬਾਅਦ ਵਿਚ ਇਨ੍ਹਾਂ ਚੋਂ ਕੁੱਝ ਲੋਨ NPA ਘੋਸ਼ਿਤ ਕਰ ਦਿੱਤੇ ਗਏ ਜਿਸ ਵਿਚ ਬੈਂਕ ਨੂੰ ਘਾਟਾ ਹੋਇਆ। ਹਾਲਾਂਕਿ ਹੁਣ ਪੂਰੀ ਤਰ੍ਹਾਂ ਨਾਲ ਇਹ ਸਾਫ ਨਹੀਂ ਹੈ ਕਿ ICICI ਬੈਂਕ ਨੂੰ ਇਸ ਵਿਚ ਕਿੰਨਾ ਘਾਟਾ ਹੋਇਆ ਹੈ।