ਚੀਨ ਨੂੰ ਮੁੱਖ ਰੱਖਦਿਆਂ ਭਾਰਤੀ ਸਰਕਾਰ ਦੀ ਅੰਡੇਮਾਨ ਲਈ 5000 ਕਰੋੜ ਦੀ ਰੱਖਿਆ ਯੋਜਨਾ
ਸਰਕਾਰ ਦੇ ਉੱਚ ਪੱਧਰੀ ਅਧਿਕਾਰੀਆਂ ਟੀ ਟੀਮ ਵਿਚਕਾਰ ਹੋਏ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਅੰਡੇਮਾਨ ਨਿਕੋਬਾਰ ਕਮਾਂਡ ਲਈ ਇਹ ਖ਼ਾਸ ਯੋਜਨਾ ਤਿਆਰ ਕੀਤੀ ਗਈ।
ਨਵੀਂ ਦਿੱਲੀ : ਅੰਡੇਮਾਨ ਨਿਕੋਬਾਰ ਵਿਚ ਭਾਰਤੀ ਨੇਵੀ ਦੇ ਏਅਰਬੇਸ ਨੂੰ ਤਿਆਰ ਕਰਨ ਤੋਂ ਬਾਅਦ ਹੁਣ ਭਾਰਤ ਨੇ ਹਿੰਦ ਮਹਾਂਸਾਗਰ ਵਿਚ ਅਪਣੇ ਘੇਰੇ ਨੂੰ ਹੋਰ ਵਿਸਤਾਰ ਦੇਣ ਦੀ ਯੋਜਨਾ ਤਿਆਰ ਕੀਤੀ ਹੈ। ਖ਼ਬਰਾਂ ਮੁਤਾਬਕ ਸਰਕਾਰ ਨੇ ਹਿੰਦ ਮਹਾਂਸਾਗਰ ਵਿਚ ਚੀਨ ਦੇ ਵੱਧਦੇ ਪ੍ਰਭਾਵ ਕਾਰਨ ਇਥੇ ਅੰਡੇਮਾਨ ਨਿਕੋਬਾਰ ਟਾਪੂ 'ਤੇ ਅਗਲੇ 10 ਸਾਲਾਂ ਵਿਚ 5,650 ਕੋਰੜ ਦੀ ਲਾਗਤ ਨਾਲ ਫ਼ੌਜ ਦੇ ਬੁਨਿਆਦੀ ਢਾਂਚੇ ਦੀ ਵਿਕਾਸ ਯੋਜਨਾ ਨੂੰ ਪ੍ਰਵਾਨਗੀ ਦੇ ਦਿਤੀ ਹੈ।
ਇਸ ਯੋਜਨਾ ਨਾਲ ਅੰਡੇਮਾਨ ਨਿਕੋਬਾਰ ਟਾਪੂ ਵਿਚ ਭਾਰਤੀ ਫ਼ੌਜ ਵਾਧੂ ਜੰਗੀ ਬੇੜੇ, ਜਹਾਜ਼, ਡਰੋਨ, ਮਿਜ਼ਾਈਲ ਬੈਟਰੀ ਅਤੇ ਫ਼ੌਜੀ ਤਾਇਨਾਤ ਕੀਤੇ ਜਾ ਸਕਣਗੇ। ਲੰਮੇ ਸਮੇਂ ਤੋਂ ਸਰਕਾਰ ਦੇ ਉੱਚ ਪੱਧਰੀ ਅਧਿਕਾਰੀਆਂ ਟੀ ਟੀਮ ਵਿਚਕਾਰ ਹੋਏ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਅੰਡੇਮਾਨ ਨਿਕੋਬਾਰ ਕਮਾਂਡ ਲਈ ਇਹ ਖ਼ਾਸ ਯੋਜਨਾ ਤਿਆਰ ਕੀਤੀ ਗਈ।
ਇਸ ਯੋਜਨਾ ਦੀ ਸਮੀਖਿਆ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਅਗਵਾਈ ਵਾਲੀ ਸੁਰੱਖਿਆ ਯੋਜਨਾ ਕਮੇਟੀ ਨੇ ਵੀ ਕੀਤੀ ਹੈ, ਜਿਸ ਵਿਚ ਤਿੰਨੋ ਸੈਨਾਵਾਂ ਦੇ ਮੁਖੀ ਸ਼ਾਮਲ ਹਨ। ਇਸ ਯੋਜਨਾ ਦੀ ਸ਼ੁਰੂਆਤ ਵਿਚ ਇਸ ਦੀ ਲਾਗਤ ਦਾ ਅੰਦਾਜ਼ਾ 10,000 ਕਰੋੜ ਲਗਾਇਆ ਗਿਆ ਸੀ ਪਰ ਪਹਿਲਾਂ ਤੋਂ ਹੀ ਮੌਜੂਦ ਜਾਂ ਏਐਨਸੀ ਵੱਲੋਂ ਲਈ ਗਈ ਜ਼ਮੀਨ 'ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ 2027 ਤੱਕ ਅੰਡੇਮਾਨ ਨਿਕੋਬਾਰ ਕਮਾਂਡ ਵਿਚ ਭਾਰਤੀ ਹਥਿਆਰਬੰਦ ਤਾਕਤਾਂ ਨੂੰ ਵਧਾਉਣ ਲਈ ਇਕ ਹੋਰ ਵੱਡੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਲਈ 5,370 ਕਰੋੜ ਰੁਪਏ ਦਾ ਮਤਾ ਹੈ। ਇਸ ਅਧੀਨ 108 ਮਾਉਂਟੇਨ ਬ੍ਰਿਗੇਡ ਨੂੰ ਅਪਗ੍ਰੇਡ ਕਰਨਾ,ਨਵੀਂ ਹਵਾਈ ਰੱਖਿਆ ਪ੍ਰਣਾਲੀ, ਸਿਗਨਲਸ, ਇੰਜੀਨੀਅਰ, ਸਪਲਾਈ ਅਤੇ ਉਥੇ ਪਹਿਲਾਂ ਤੋਂ ਮੌਜੂਦ ਤਿੰਨ ਕੋਰਾਂ ਦੇ ਨਾਲ ਇਕ ਹੋਰ ਇਨਫੈਂਟਰੀ ਬਟਾਲੀਅਨ ਨੂੰ ਤਾਇਨਾਤ ਕਰਨਾ ਸ਼ਾਮਲ ਹੈ।
ਅੰਡੇਮਾਨ ਨਿਕੋਬਾਰ ਕਮਾਂਡ ਦੇਸ਼ ਦੀ ਇਕਲੌਤੀ ਅਜਿਹੀ ਕਮਾਂਡ ਹੈ ਜਿਸ ਕੋਲ ਫ਼ੌਜ, ਨੇਵੀ, ਏਅਰਫੋਰਸ ਅਤੇ ਕੋਸਟ ਗਾਰਡ ਹਨ। ਦੱਸ ਦਈਏ ਕਿ ਨੇਵੀ ਨੇ ਅੰਡੇਮਾਨ ਨਿਕੋਬਾਰ ਟਾਪੂ ਵਿਚ ਆਈਐਨਐਸ ਕੋਹਾਸਾ ਨਵਾਂ ਏਅਰਬੇਸ ਸ਼ੁਰੂ ਕੀਤਾ ਹਿੰਦ ਮਹਾਂਸਾਗਰ ਵਿਚ ਅਪਣੀ ਕੰਮਕਾਜੀ ਪ੍ਰਣਾਲੀ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਅਧੀਨ ਭਾਰਤ ਨੇ ਇਹ ਕਦਮ ਚੁੱਕਿਆ ਹੈ।