J&K Civil Service Exam. : ਮਿਹਨਤ ਦੀ ਮਿਸਾਲ! 2 ਭੈਣਾਂ ਤੇ ਭਰਾ ਨੇ ਇਕੱਠਿਆਂ ਪਾਸ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਵਿਖੇ ਇਸ ਗ਼ਰੀਬ ਪਰਿਵਾਰ ਦੇ ਬੱਚੇ ਬਣੇ ਮਿਸਾਲ

2 sisters and brother passed jammu kashmir civil service exam together

ਸੁਹੇਲ ਨੇ 111ਵਾਂ, ਹੂਮਾ ਨੇ 117ਵਾਂ ਅਤੇ ਇਫ਼ਰਾ ਨੇ ਪ੍ਰਾਪਤ ਕੀਤਾ 143ਵਾਂ ਸਥਾਨ
ਇੰਟਰਨੈਟ ਅਤੇ ਕੋਚਿੰਗ ਤੋਂ ਬਗ਼ੈਰ ਹਾਸਲ ਕੀਤੀ ਸਫ਼ਲਤਾ 
----
ਇੱਕ ਕਮਰਾ ਅਤੇ ਇੱਕ ਕਿਤਾਬ ਨਾਲ ਗ਼ਰੀਬ ਪਰਿਵਾਰ ਦੇ ਇਹ ਬੱਚੇ ਬਣੇ ਮਿਸਾਲ
3 ਭੈਣ-ਭਰਾਵਾਂ ਨੇ ਇਕੱਠਿਆਂ ਸਿਵਲ ਸਰਵਿਸ ਦੀ ਪ੍ਰੀਖਿਆ ਕੀਤੀ ਪਾਸ 


ਡੋਡਾ: ਸਖਤ ਮਿਹਨਤ ਦੇ ਨਾਲ-ਨਾਲ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਇਸ ਦੀ ਤਾਜ਼ਾ ਮਿਸਾਲ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਰਹਿਣ ਵਾਲੇ ਤਿੰਨ ਬੱਚਿਆਂ ਨੇ ਦਿਤੀ ਹੈ। ਜਿਨ੍ਹਾਂ ਨੇ ਜੰਮੂ ਕਸ਼ਮੀਰ ਦੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਕੇ ਵੱਡਾ ਨਾਮ ਕਮਾਇਆ ਹੈ। ਦੱਸ ਦੇਈਏ ਕਿ ਇਹ ਤਿੰਨ ਬੱਚੇ ਸਕੇ ਭੈਣ-ਭਰਾ ਹਨ ਅਤੇ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਹਨ। 

ਜਾਣਕਾਰੀ ਅਨੁਸਾਰ ਡੋਡਾ ਦੀਆਂ ਰਹਿਣ ਵਾਲਿਆਂ ਦੋ ਭੈਣਾਂ ਅਤੇ ਉਨ੍ਹਾਂ ਦੇ ਭਰਾ ਨੇ ਇਕੱਠਿਆਂ ਹੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਕੇ ਆਪਣੇ ਮਾਪਿਆਂ ਦਾ ਹੀ ਨਹੀਂ ਸਗੋਂ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ।  ਇਹ ਪ੍ਰੀਖਿਆ ਪਾਸ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਵੀ ਪੈਸੇ ਨਹੀਂ ਸੀ। 

ਇਹ ਵੀ ਪੜ੍ਹੋ: ਹੈਲੀਕਾਪਟਰ 'ਤੇ ਲਾੜੀ ਵਿਆਹੁਣ ਆਏ ਲਾੜੇ ਨੇ ਪੂਰੀ ਕੀਤੀ ਮਾਪਿਆਂ ਦੀ ਇੱਛਾ

ਪ੍ਰਾਪਤ ਵੇਰਵਿਆਂ ਮੁਤਾਬਕ ਇਨ੍ਹਾਂ ਤਿੰਨਾਂ ਨੇ ਬਗ਼ੈਰ ਕਿਸੇ ਇੰਟਰਨੈਟ ਜਾਂ ਕੋਚਿੰਗ ਲਏ ਇੱਕ ਹੀ ਕਿਤਾਬ ਤੋਂ ਤਿਆਰੀ ਕਰ ਕੇ ਇੰਨੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦਰਅਸਲ ਗਰੀਬੀ ਕਾਰਨ ਜ਼ਿਆਦਾ ਕਿਤਾਬਾਂ ਨਾ ਖਰੀਦ ਸਕਣ ਕਾਰਨ ਤਿੰਨੇ ਭੈਣ-ਭਰਾ ਹਰ ਵਿਸ਼ੇ ਦੀ ਇੱਕ ਕਿਤਾਬ ਹੀ ਸਾਂਝੀ ਕਰਦੇ ਸਨ। ਇਸ ਪ੍ਰੀਖਿਆ ਵਿਚ ਸੁਹੇਲ ਨੇ 111ਵਾਂ, ਹੂਮਾ ਨੇ 117ਵਾਂ ਅਤੇ ਇਫ਼ਰਾ ਨੇ 143ਵਾਂ ਸਥਾਨ ਹਾਸਲ ਕੀਤਾ ਹੈ। ਹੂਮਾ ਅਤੇ ਸੁਹੇਲ ਨੇ ਪਹਿਲੀ ਕੋਸ਼ਿਸ਼ 'ਚ ਹੀ ਇਹ ਸਿਵਲ ਸੇਵਾ ਪ੍ਰੀਖਿਆ ਪਾਸ ਕਰ ਲਈ, ਜਦਕਿ ਇਫ਼ਰਾ ਦੀ ਇਹ ਦੂਜੀ ਕੋਸ਼ਿਸ਼ ਸੀ।

ਦੱਸ ਦੇਈਏ ਕਿ ਕੁੜੀਆਂ ਹੂਮਾ ਅਤੇ ਇਫਰਾ ਵੱਡੀਆਂ ਹਨ, ਜਦਕਿ ਮੁੰਡਾ ਸੁਹੇਲ ਛੋਟਾ ਹੈ। ਬੱਚਿਆਂ ਦੇ ਪਿਤਾ ਮਨੂਰ ਅਹਿਮਦ ਵਾਣੀ ਦੀ ਇਕ ਮਹੀਨੇ ਦੀ ਆਮਦਨ ਲਗਭਗ 15-20 ਹਜ਼ਾਰ ਰੁਪਏ ਹੈ। ਉਹ ਮਜ਼ਦੂਰ ਠੇਕੇਦਾਰ ਹਨ। ਇਨ੍ਹਾਂ ਦੇ ਘਰ ਦੇ ਸਿਰਫ਼ 3 ਕਮਰੇ ਹਨ। ਜਿਸ ਕਾਰਨ ਇਨ੍ਹਾਂ ਬੱਚਿਆਂ ਨੂੰ ਇੱਕ ਕਮਰਾ ਹੀ ਸਾਂਝਾ ਕਰਨਾ ਪੈਂਦਾ ਸੀ। 

ਇਹ ਵੀ ਪੜ੍ਹੋ: Oldest Mummy found in Egypt: ਮਿਸਰ ਵਿਚ ਲੱਭੀ 4300 ਸਾਲ ਪੁਰਾਣੀ ਮਮੀ, ਸਭ ਤੋਂ ਪੁਰਾਣੀ ਹੋਣ ਦਾ ਲਗਾਇਆ ਜਾ ਰਿਹਾ ਕਿਆਸ

ਇਫ਼ਰਾ ਨੇ ਕਿਹਾ ਕਿ ਪ੍ਰੀਖਿਆ ਦੇ ਨਤੀਜੇ ਦੱਸਦੇ ਹਨ ਕਿ ਉਨ੍ਹਾਂ ਦਾ ਜੀਵਨ ਇੱਕ ਦਿਨ ਵਿਚ ਹੀ ਬਦਲ ਗਿਆ। ਇਹ ਸਾਡੇ ਲਈ ਇੱਕ ਕੂਹਣੀ ਮੋੜ ਤੋਂ ਘੱਟ ਨਹੀਂ ਹੈ। ਸੁਹੇਲ ਦਾ ਕਹਿਣਾ ਹੈ ਕਿ ਉਹ ਪੁਲਿਸ ਸੇਵਾ ਵਿਚ ਸ਼ਾਮਲ ਹੋਣਾ ਚਹੁੰਦੇ ਹਨ ਅਤੇ ਜੰਮੂ ਕਸ਼ਮੀਰ ਵਿਚ ਨਸ਼ਿਆਂ ਦੇ ਖਤਰੇ ਵਿਰੁੱਧ ਕੰਮ ਕਰਨਾ ਚਹੁੰਦੇ ਹਨ ਜਦਕਿ ਉਸ ਦੀਆਂ ਭੈਣਾਂ ਨਾਗਰਿਕ ਪ੍ਰਸ਼ਾਸ਼ਨ ਵਿਚ ਸ਼ਾਮਲ ਹੋਣ ਦੀਆਂ ਚਾਹਵਾਨ ਹਨ। ਦੋਹਾਂ ਭੈਣਾਂ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ 'ਚ ਹਾਸ਼ੀਏ 'ਤੇ ਖੜ੍ਹੇ ਵਰਗਾਂ ਅਤੇ ਔਰਤਾਂ ਲਈ ਕੰਮ ਕਰਨਾਂ ਚਾਹੁੰਦੀਆਂ ਹਨ।