ਹਿਮਾਚਲ 'ਚ ਬਰਫ਼ਬਾਰੀ ਨਾ ਹੋਣ ਦੇ ਮਾੜੇ ਪ੍ਰਭਾਵ, ਪੰਜਾਬ-ਹਰਿਆਣਾ ਅਤੇ ਰਾਜਸਥਾਨ ਹੋਣਗੇ ਪ੍ਰਭਾਵਿਤ
ਪਾਣੀ ਲਈ ਪਵੇਗਾ ਰੌਲਾ, ਬਿਜਲੀ ਉਤਪਾਦਨ 70% ਘਟਿਆ
ਹਿਮਾਚਲ - ਇਸ ਵਾਰ ਹਿਮਾਚਲ ਦੇ ਹਿਮਾਲੀਅਨ ਖੇਤਰਾਂ ਵਿਚ ਬਰਫ਼ਬਾਰੀ ਨਹੀਂ ਹੋਈ। ਇਸ ਦਾ ਅਸਰ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਗਰਮੀਆਂ 'ਚ ਦੇਖਣ ਨੂੰ ਮਿਲੇਗਾ। ਖਾਸ ਕਰਕੇ ਗਰਮੀਆਂ ਵਿਚ ਇਸ ਦਾ ਅਸਰ ਗੁਆਂਢੀ ਰਾਜਾਂ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀ ਖੇਤੀ 'ਤੇ ਪਵੇਗਾ। ਹਿਮਾਚਲ ਦੇ ਚਾਰ ਨਦੀ ਬੇਸਿਨ, ਚਨਾਬ, ਰਾਵੀ, ਸਤਲੁਜ ਅਤੇ ਬਿਆਸ 'ਤੇ ਬਰਫ਼ ਨਾਲ ਢੱਕਣ ਵਾਲਾ ਖੇਤਰ ਪਿਛਲੇ ਸਾਲ ਵੀ 14 ਫ਼ੀਸਦੀ ਘਟਿਆ ਹੈ। ਇਸ ਵਾਰ ਵੀ ਅੱਧੀ ਸਰਦੀ ਲੰਘ ਜਾਣ ਤੋਂ ਬਾਅਦ ਇਹੀ ਰੁਝਾਨ ਦੇਖਣ ਨੂੰ ਮਿਲਿਆ ਹੈ।
ਸਰਦੀ ਦੇ ਸੋਕੇ ਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਿਹੜੇ ਪਹਾੜ ਸਰਦੀਆਂ ਵਿਚ ਬਰਫ਼ ਨਾਲ ਢਕੇ ਹੁੰਦੇ ਹਨ, ਉਹ ਖਾਲੀ ਪਏ ਹਨ। ਇਸ ਨਾਲ ਗਰਮੀਆਂ ਵਿਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਪਾਣੀ ਲਈ ਹਾਹਾਕਾਰ ਮਚੇਗੀ। ਹਿਮਾਚਲ ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਹਿਮਕੋਸਟ) ਦੇ ਮੌਸਮੀ ਤਬਦੀਲੀਆਂ ਬਾਰੇ ਰਾਜ ਕੇਂਦਰ ਨੇ ਪਿਛਲੇ ਸਾਲ 15 ਅਕਤੂਬਰ ਤੋਂ ਬਰਫ਼ ਦੇ ਢੱਕਣ ਵਾਲੇ ਖੇਤਰ 'ਤੇ ਅਧਿਐਨ ਸ਼ੁਰੂ ਕੀਤਾ ਹੈ। ਇਸ ਦੇ ਲਈ ਸਤਲੁਜ, ਰਾਵੀ ਅਤੇ ਚਨਾਬ ਬੇਸਿਨ ਦੇ ਦਰਿਆਵਾਂ ਦੇ ਕੰਢਿਆਂ ਦੀਆਂ ਸੈਟੇਲਾਈਟ ਤਸਵੀਰਾਂ ਲਈਆਂ ਗਈਆਂ ਹਨ।
ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਵੀ ਹਿਮਾਚਲ ਪ੍ਰਦੇਸ਼ ਦੀ ਹੁਣ ਤੱਕ ਦੀ ਜਾਂਚ 'ਚ ਬਰਫ਼ ਨਾਲ ਢੱਕੇ ਖੇਤਰ 'ਚ ਹੋਰ ਕਮੀ ਆਈ ਹੈ। ਹਿਮਾਲਿਆ 'ਚ ਗਲੇਸ਼ੀਅਰ ਰੀਚਾਰਜ ਨਾ ਹੋਣ ਕਾਰਨ ਉਨ੍ਹਾਂ ਦੀ ਸਿਹਤ 'ਤੇ ਅਸਰ ਪਿਆ ਹੈ। ਇਸ ਕਾਰਨ ਗਰਮੀਆਂ ਵਿਚ ਹਿਮਾਚਲ ਦੇ ਨਾਲ-ਨਾਲ ਗੁਆਂਢੀ ਰਾਜਾਂ ਵਿਚ ਵੀ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਹਿਮਾਚਲ ਵਿਚ ਵੀ ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਪਾਣੀ ਨਹੀਂ ਮਿਲੇਗਾ।
ਗਲੇਸ਼ੀਅਰਾਂ ਦਾ ਅਧਿਐਨ ਕਰ ਰਹੇ ਜੰਮੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸੁਨੀਲ ਧਰ ਨੇ ਕਿਹਾ ਕਿ ਜੇਕਰ ਹਿਮਾਚਲ ਦੇ ਪਹਾੜਾਂ ਵਿਚ ਬਰਫ਼ ਦਾ ਘੇਰਾ ਘੱਟ ਜਾਂਦਾ ਹੈ ਅਤੇ ਗਲੇਸ਼ੀਅਰ ਘੱਟ ਜਾਂਦੇ ਹਨ ਤਾਂ ਇਸ ਦਾ ਅਸਰ ਗੁਆਂਢੀ ਰਾਜ ਉੱਤੇ ਵੀ ਪੈਣਾ ਯਕੀਨੀ ਹੈ। ਉਨ੍ਹਾਂ ਦੱਸਿਆ ਕਿ ਗਲੇਸ਼ੀਅਰ ਦੀ ਚੰਗੀ ਸਿਹਤ ਲਈ ਬਰਫ਼ਬਾਰੀ ਜ਼ਰੂਰੀ ਹੈ। ਗਰਮੀਆਂ ਵਿਚ ਪਾਣੀ ਦੀਆਂ ਲੋੜਾਂ ਗਲੇਸ਼ੀਅਰਾਂ ਨਾਲ ਹੀ ਪੂਰੀਆਂ ਹੁੰਦੀਆਂ ਹਨ।
ਹਿਮਕੋਸਟ ਦੇ ਪ੍ਰਮੁੱਖ ਵਿਗਿਆਨਕ ਅਧਿਕਾਰੀ ਸੁਰਜੀਤ ਰੰਧਾਵਾ ਨੇ ਦੱਸਿਆ ਕਿ ਇਸ ਸਾਲ ਬਰਫ ਨਾਲ ਢੱਕਣ ਵਾਲੇ ਖੇਤਰ 'ਤੇ ਅਧਿਐਨ ਸ਼ੁਰੂ ਕੀਤਾ ਗਿਆ ਹੈ। ਸੈਟੇਲਾਈਟ ਚਿੱਤਰਾਂ ਤੋਂ ਬਰਫ਼ ਦੇ ਢੱਕਣ ਵਾਲੇ ਖੇਤਰ ਨੂੰ ਮੈਪ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਐਨ ਮੁਕੰਮਲ ਹੋਣ ਤੋਂ ਬਾਅਦ ਇਸ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਸਾਲ ਵੀ ਬਰਫ਼ ਦੀ ਢੱਕਣ ਵਾਲਾ ਖੇਤਰ 14 ਫ਼ੀਸਦੀ ਘਟਿਆ ਸੀ।