UP Accident News: ਲਖਨਊ ਐਕਸਪ੍ਰੈੱਸ ਵੇਅ 'ਤੇ ਭਿਆਨਕ ਹਾਦਸਾ, ਇਕੋ ਪ੍ਰਵਾਰ ਦੇ 4 ਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਰੱਕ ਨਾਲ ਕਾਰ ਦੇ ਟਕਰਾਉਣ ਕਾਰਨ ਵਾਪਰਿਆ ਹਾਦਸਾ

Lucknow Expressway UP Accident News in punjabi

ਆਗਰਾ ਦੇ ਫ਼ਤਿਹਾਬਾਦ 'ਚ ਲਖਨਊ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਕੁੰਭ ਇਸ਼ਨਾਨ ਕਰਨ ਤੋਂ ਬਾਅਦ ਕਾਰ ਰਾਹੀਂ ਜਾ ਰਹੇ ਪਰਿਵਾਰ ਦਾ ਐਕਸੀਡੈਂਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਦੂਜੀ ਲਾਈਨ 'ਤੇ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ ਪੂਰੇ ਪਰਿਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਸੂਮ ਪੁੱਤਰ-ਧੀ ਸਮੇਤ ਕਾਰ ਵਿੱਚ ਫਸੀਆਂ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

ਪਛਾਣ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈੱਸ ਵੇਅ ਦੇ 31 ਕਿਲੋਮੀਟਰ 'ਤੇ ਵਾਪਰਿਆ। ਦੱਸਿਆ ਗਿਆ ਹੈ ਕਿ ਫ਼ਤਿਹਾਬਾਦ ਥਾਣਾ ਖੇਤਰ 'ਚ ਕਾਰ ਅਚਾਨਕ ਸੜਕ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।

ਹਾਦਸੇ ਤੋਂ ਬਾਅਦ ਦੋਵੇਂ ਨੁਕਸਾਨੇ ਵਾਹਨਾਂ ਕਾਰਨ ਐਕਸਪ੍ਰੈੱਸ ਵੇਅ 'ਤੇ ਜਾਮ ਲੱਗ ਗਿਆ। ਪੁਲਿਸ ਨੇ ਕਰੇਨ ਦੀ ਮਦਦ ਨਾਲ ਵਾਹਨਾਂ ਨੂੰ ਹਟਾ ਕੇ ਸੜਕ 'ਤੇ ਟ੍ਰੈਫ਼ਿਕ ਨੂੰ ਹਟਾਇਆ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਸਐਨ ਮੈਡੀਕਲ ਕਾਲਜ ਆਗਰਾ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਪਰਿਵਾਰ ਦਿੱਲੀ ਦੇ ਉੱਤਮ ਨਗਰ ਦਾ ਰਹਿਣ ਵਾਲਾ ਹੈ, ਜੋ ਕੁੰਭ ਇਸ਼ਨਾਨ ਕਰ ਕੇ ਵਾਪਸ ਆ ਰਿਹਾ ਸੀ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ 'ਚ ਓਮਪ੍ਰਕਾਸ਼ ਆਰੀਆ ਉਮਰ ਕਰੀਬ 42 ਸਾਲ, ਉਸ ਦੀ ਪਤਨੀ ਪੂਰਨਿਮਾ ਸਿੰਘ ਉਮਰ 34 ਸਾਲ, 12 ਸਾਲ ਦੀ ਬੇਟੀ ਅਹਾਨਾ ਅਤੇ ਚਾਰ ਸਾਲ ਦਾ ਬੇਟਾ ਵਿਨਾਇਕ ਸ਼ਾਮਲ ਹਨ।