3 ਦਿਨਾਂ ਬਾਅਦ ਟੁੱਟਿਆ ਵਿਆਹ, ਹੁਣ ਦੇਣਾ ਪਵੇਗਾ ਇੰਨਾ ਮੁਆਵਜ਼ਾ; ਸੁਪਰੀਮ ਕੋਰਟ ਨੇ 19 ਸਾਲਾਂ ਬਾਅਦ ਦਿੱਤਾ ਫ਼ੈਸਲਾ
ਉਸ ਨੂੰ ਤਿੰਨ ਦਿਨਾਂ ਦੇ ਵਿਆਹ ਲਈ 3 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ।
ਸੁਪਰੀਮ ਕੋਰਟ ਦਾ ਅੱਜ ਦਾ ਫ਼ੈਸਲਾ ਦਾਜ ਦੇ ਲਾਲਚੀ ਲੋਕਾਂ ਲਈ ਇੱਕ ਸਬਕ ਹੈ। ਜਿੱਥੇ ਇੱਕ ਆਦਮੀ ਨੂੰ ਬਹੁਤ ਜ਼ਿਆਦਾ ਦਾਜ ਕਾਰਨ ਆਪਣਾ ਵਿਆਹ ਤੋੜਨ ਦੀ ਭਾਰੀ ਕੀਮਤ ਚੁਕਾਉਣੀ ਪਈ ਅਤੇ ਹੁਣ ਉਸ ਨੂੰ ਤਿੰਨ ਦਿਨਾਂ ਦੇ ਵਿਆਹ ਲਈ 3 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ।
ਤੁਹਾਨੂੰ ਦੱਸ ਦੇਈਏ ਕਿ ਦਾਜ ਦੇ ਲਾਲਚ ਕਾਰਨ ਇੱਕ ਲਾੜੇ ਨੇ ਸਿਰਫ਼ ਤਿੰਨ ਦਿਨਾਂ ਵਿੱਚ ਆਪਣਾ ਵਿਆਹ ਤੋੜ ਦਿੱਤਾ, ਜਿਸ ਕਾਰਨ ਉਸ ਨੂੰ 19 ਸਾਲਾਂ ਤਕ ਦਾਜ ਲਈ ਪਰੇਸ਼ਾਨੀ ਦੇ ਮਾਮਲੇ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ, ਉਹ ਤਿੰਨ ਮਹੀਨੇ ਜੇਲ ਵਿੱਚ ਵੀ ਰਿਹਾ। ਹੁਣ ਸੁਪਰੀਮ ਕੋਰਟ ਨੇ ਉਸ ਨੂੰ ਆਪਣੀ ਪਤਨੀ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ, ਜੋ ਹੁਣ ਦੁਬਾਰਾ ਵਿਆਹ ਕਰ ਕੇ ਵਿਦੇਸ਼ ਵਿੱਚ ਵਸ ਗਈ ਹੈ।
ਅਦਾਲਤ ਨੇ ਲਾੜੇ ਨੂੰ ਸੈਦਾਪੇਟ ਹੇਠਲੀ ਅਦਾਲਤ ਵਿੱਚ ਚਾਰ ਹਫ਼ਤਿਆਂ ਦੇ ਅੰਦਰ 3 ਲੱਖ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਵੀ ਦਿੱਤਾ, ਜੋ ਕਿ ਲਾੜੀ ਨੂੰ ਉਸ ਦੇ ਪਰੇਸ਼ਾਨੀ ਦੇ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਜੇਕਰ ਇਹ ਰਕਮ ਅਦਾ ਨਹੀਂ ਕੀਤੀ ਜਾਂਦੀ, ਤਾਂ ਕੇਸ ਦੀ ਦੁਬਾਰਾ ਸੁਣਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਹ ਘਟਨਾ 3 ਫ਼ਰਵਰੀ 2006 ਨੂੰ ਵਾਪਰੀ ਸੀ, ਜਦੋਂ ਲਾੜੀ ਦੇ ਮਾਪਿਆਂ ਨੇ ਉਸ ਨੂੰ 60 ਸੋਨੇ ਦੇ ਸਿੱਕੇ ਅਤੇ ਲਾੜੇ ਨੂੰ 10 ਸੋਨੇ ਦੇ ਸਿੱਕੇ ਤੋਹਫ਼ੇ ਵਜੋਂ ਦਿੱਤੇ ਸਨ। ਪਰ ਲਾੜੇ ਨੇ ਹੋਰ ਦਾਜ ਦੀ ਮੰਗ ਕੀਤੀ ਅਤੇ ਵਿਆਹ ਤੋਂ ਬਾਅਦ 30 ਸੋਨੇ ਦੇ ਸਿੱਕੇ ਹੋਰ ਮੰਗੇ।
ਲਾੜੇ ਦੇ ਪਿਤਾ ਨੇ ਵੀ ਲਾੜੀ ਦੇ ਮਾਤਾ ਪਿਤਾ ਉੱਤੇ 100 ਸੋਨੇ ਦੇ ਸਿੱਕੇ ਨਾ ਦੇਣ ਦਾ ਆਰੋਪ ਲਗਾਉਂਦੇ ਹੋਏ ਵਿਆਹ ਸਮਾਰੋਹ ਤੋਂ ਲਾੜੀ ਨੂੰ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਲਾੜੀ ਨੇ ਦਹੇਜ ਲਈ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਾਇਆ ਸੀ।
ਤਾਮਿਲਨਾਡੂ ਦੇ ਸੈਦਾਪੇਟ ਦੀ ਹੇਠਲੀ ਅਦਾਲਤ ਨੇ ਲਾੜੇ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ ਤਿੰਨ ਸਾਲ ਦੀ ਕੈਦ ਅਤੇ 3,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਮਦਰਾਸ ਹਾਈ ਕੋਰਟ ਨੇ ਸਜ਼ਾ ਨੂੰ ਬਰਕਰਾਰ ਰੱਖਿਆ, ਪਰ ਸਜ਼ਾ ਘਟਾ ਕੇ ਦੋ ਸਾਲ ਕਰ ਦਿੱਤੀ। ਲਾੜੇ ਨੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ, ਅਤੇ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ 19 ਸਾਲਾਂ ਤਕ ਚੱਲਿਆ ਅਤੇ ਹੁਣ ਦੋਵੇਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਏ ਹਨ।