ਮੱਧ ਪ੍ਰਦੇਸ਼ 'ਚ ਖੁੱਲ੍ਹੇ ਬੋਰਵੈੱਲ 'ਚ ਡਿੱਗਿਆ 7 ਸਾਲਾ ਬੱਚਾ, ਬਚਾਅ ਕਾਰਜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ 'ਚ 4 ਦਿਨਾਂ 'ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।

Borewell

 

ਭੋਪਾਲ: ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਸੱਤ ਸਾਲਾ ਬੱਚਾ 300 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਬਚਾਅ ਟੀਮ ਨੇ ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। ਜ਼ਿਲ੍ਹੇ ਦੇ ਐਸਡੀਐਮ ਅਭਿਸ਼ੇਕ ਠਾਕੁਰ ਨੇ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਬੱਚਾ ਕਰੀਬ 15 ਤੋਂ 20 ਫੁੱਟ ਡੂੰਘਾਈ ਵਿੱਚ ਫਸਿਆ ਹੋਇਆ ਹੈ। ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੂਬੇ 'ਚ 4 ਦਿਨਾਂ 'ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।

 

ਜਾਣਕਾਰੀ ਅਨੁਸਾਰ ਦਮੋਹ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 45 ਕਿਲੋਮੀਟਰ ਦੂਰ ਪਾਟੇਰਾ ਥਾਣਾ ਖੇਤਰ ਦੇ ਬਰਖੇੜਾ ਪਿੰਡ ਦੀ ਹੈ। ਪਾਟੇਰਾ ਥਾਣਾ ਇੰਚਾਰਜ ਸ਼ਿਆਮ ਬਿਹਾਰੀ ਮਿਸ਼ਰਾ ਨੇ ਦੱਸਿਆ ਕਿ ਪ੍ਰਿਯਾਂਸ਼ ਐਤਵਾਰ ਦੁਪਹਿਰ ਕਰੀਬ ਇੱਕ ਵਜੇ ਖੇਡਦੇ ਹੋਏ ਆਪਣੇ ਪਿਤਾ ਧਰਮਿੰਦਰ ਦੁਆਰਾ ਪੁੱਟੇ ਗਏ ਬੋਰਵੈੱਲ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਬੱਚਾ 10-15 ਫੁੱਟ ਦੀ ਡੂੰਘਾਈ ਵਿੱਚ ਫਸਿਆ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

 

 

 

ਉਨ੍ਹਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੀ ਮੌਕੇ 'ਤੇ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਮਰੀਆ ਜ਼ਿਲੇ ਦੇ ਪਿੰਡ ਬਦਰਛੜ 'ਚ ਤਿੰਨ ਸਾਲ ਦਾ ਬੱਚਾ 200 ਫੁੱਟ ਤੋਂ ਜ਼ਿਆਦਾ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। 16 ਘੰਟੇ ਦੇ ਰਾਹਤ ਅਤੇ ਬਚਾਅ ਕਾਰਜ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।