ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਏਅਰਪੋਰਟ 'ਤੇ 7 ਕਰੋੜ ਦੀ ਹੈਰੋਇਨ ਸਮੇਤ ਔਰਤ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਪਸੂਲਾਂ ਵਿਚ ਲੁਕੋਈ ਸੀ ਹੈਰੋਇਨ

Police arrest woman with Rs 7 crore heroin at airport

 

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਡਿਊਟੀ ਅਧਿਕਾਰੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਯੂਗਾਂਡਾ ਦੀ ਇੱਕ ਔਰਤ ਨੂੰ ਦੇਸ਼ ਵਿੱਚ 7 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਕੋਲੋਂ ਹੈਰੋਇਨ ਨਾਲ ਭਰੇ 69 ਕੈਪਸੂਲ ਬਰਾਮਦ ਹੋਏ ਹਨ। ਜਿਸ ਦਾ ਭਾਰ 946 ਗ੍ਰਾਮ ਹੈ।

ਦਰਅਸਲ, ਇਹ ਔਰਤ ਏਅਰ ਇੰਡੀਆ ਦੀ ਫਲਾਈਟ ਰਾਹੀਂ ਨੈਰੋਬੀ ਟਰਮੀਨਲ ਤੋਂ IGI T3 ਪਹੁੰਚੀ ਸੀ। ਸੁਰੱਖਿਆ ਜਾਂਚ ਦੌਰਾਨ ਇਸ ਔਰਤ ਦੇ ਇਸ਼ਾਰੇ ਕਸਟਮ ਵਿਭਾਗ ਨੂੰ ਸ਼ੱਕੀ ਨਜ਼ਰ ਆਏ। ਪੁੱਛਗਿੱਛ ਦੌਰਾਨ ਔਰਤ ਥੋੜ੍ਹੀ ਘਬਰਾ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕਰਨ ਦਾ ਫੈਸਲਾ ਕੀਤਾ। ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 69 ਕੈਪਸੂਲ ਬਰਾਮਦ ਹੋਏ।

 

 

ਜਦੋਂ ਇਨ੍ਹਾਂ ਕੈਪਸੂਲਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਵਿੱਚ ਚਿੱਟੇ ਰੰਗ ਦਾ ਪਾਊਡਰ ਭਰਿਆ ਹੋਇਆ ਸੀ, ਜੋ ਕਿ  ਹੈਰੋਇਨ ਸੀ। ਜਾਣਕਾਰੀ ਮੁਤਾਬਕ ਇਨ੍ਹੀਂ ਦਿਨੀਂ ਯੂਗਾਂਡਾ ਤੋਂ ਨਸ਼ਾ ਲੈ ਕੇ ਭਾਰਤ ਆਉਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਇਹ ਗਿਰੋਹ ਹੁਣ ਔਰਤਾਂ ਰਾਹੀਂ ਤਸਕਰੀ ਕਰ ਰਹੇ ਹਨ। 

 

ਹਾਲ ਹੀ 'ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਗਾਂਡਾ ਦੀ ਇਕ ਹੋਰ ਮਹਿਲਾ ਯਾਤਰੀ ਨੂੰ ਦਿੱਲੀ ਕਸਟਮ ਟੀਮ ਨੇ ਹੈਰੋਇਨ ਦੀ ਤਸਕਰੀ ਕਰਦੇ ਹੋਏ ਫੜਿਆ ਸੀ। ਉਸ ਕੋਲੋਂ 107 ਕੈਪਸੂਲ ਬਰਾਮਦ ਹੋਏ ਸਨ। ਜਿਸ 'ਚ 1060 ਗ੍ਰਾਮ ਹੈਰੋਇਨ ਸੀ। ਮਹਿਲਾ ਯਾਤਰੀ ਸ਼ਾਰਜਾਹ ਦੇ ਰਸਤੇ ਇੰਟੇਬੇ ਤੋਂ ਦਿੱਲੀ ਪਹੁੰਚੀ ਸੀ।

ਸ਼ੱਕ ਦੇ ਆਧਾਰ 'ਤੇ ਕਸਟਮ ਵਿਭਾਗ ਦੀ ਟੀਮ ਨੇ ਮਹਿਲਾ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਕੱਪੜਿਆਂ 'ਚ ਲੁਕੋ ਕੇ ਰੱਖੇ ਗਏ ਹੈਰੋਇਨ ਦੇ ਕੈਪਸੂਲ ਬਰਾਮਦ ਹੋਏ। ਕਸਟਮ ਅਧਿਕਾਰੀ ਅਨੁਸਾਰ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ 7.43 ਕਰੋੜ ਰੁਪਏ ਦੱਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ।