Russia-Ukraine War : ਰੋਮਾਨੀਆ ਦੇ ਰਸਤੇ ਦਿੱਲੀ ਪਹੁੰਚੇ ਯੂਕਰੇਨ ’ਚ ਫਸੇ 250 ਭਾਰਤੀ ਵਿਦਿਆਰਥੀ
ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਕੀਤਾ ਸਵਾਗਤ
ਨਵੀਂ ਦਿੱਲੀ : ਰੂਸ ਵਲੋਂ ਕੀਤੇ ਹਮਲੇ ਤੋਂ ਬਾਅਦ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਹੀ 250 ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਦੇ ਰਸਤੇ ਭਾਰਤ ਲਿਆਂਦਾ ਗਿਆ ਹੈ।
ਦੱਸ ਦੇਈਏ ਕਿ ਇਹ ਦੂਜੀ ਫਲੈਟ ਸੀ ਜਿਸ ਰਾਹੀਂ ਬੱਚਿਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ। ਰੋਮਾਨੀਆ ਤੋਂ ਏਅਰ ਇੰਡੀਆ ਦੀ ਇੱਕ ਉਡਾਣ ਸ਼ਨੀਵਾਰ ਰਾਤ 9.30 ਵਜੇ ਉਡਾਣ ਭਰੀ ਅਤੇ ਐਤਵਾਰ ਤੜਕੇ 3 ਵਜੇ ਦਿੱਲੀ ਪਹੁੰਚੀ।
ਫਲਾਈਟ ਵਿੱਚ ਸਵਾਰ ਵਿਦਿਆਰਥੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਭਾਰਤ ਸਰਕਾਰ ਦਾ ਧਨਵਾਦ ਕੀਤਾ।
ਇਸ ਮੌਕੇ ਹਵਾਈ ਅੱਡੇ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਯੂਕਰੇਨ ਤੋਂ ਭਾਰਤ ਪਹੁੰਚੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਹੰਗਰੀ ਦੇ ਬੁਡਾਪੇਸਟ ਤੋਂ ਸਵੇਰੇ 5 ਵਜੇ ਇਕ ਜਹਾਜ਼ ਵੀ ਰਵਾਨਾ ਹੋਇਆ ਹੈ।
ਇਸ ਵਿੱਚ 240 ਭਾਰਤੀ ਸਵਾਰ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ 8 ਵਜੇ ਏਅਰ ਇੰਡੀਆ ਦਾ ਇਕ ਜਹਾਜ਼ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਸੀ।