ਬਹੁਮਤ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ’ਚ ਰਾਜ ਸਭਾ ਚੋਣ ਹਾਰ ਗਈ ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਹਾਂ ਉਮੀਦਵਾਰਾਂ ਨੂੰ 34-34 ਵੋਟਾਂ ਪੈਣ ਮਗਰੋਂ ਡਰਾਅ ਰਾਹੀਂ ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੂੰ ਜੇਤੂ ਐਲਾਨਿਆ ਗਿਆ 

Harsh Mahajan

ਸ਼ਿਮਲਾ: ‘ਕਰਾਸ ਵੋਟਿੰਗ’ ਵਿਚਕਾਰ ਹਿਮਾਚਲ ਪ੍ਰਦੇਸ਼ ਦੀ ਇਕ ਰਾਜ ਸਭਾ ਸੀਟ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਰਸ਼ ਮਹਾਜਨ ਨੇ ਜਿੱਤ ਦਰਜ ਕਰ ਲਈ ਹੈ। ਬਹੁਮਤ ਹੋਣ ਦੇ ਬਾਵਜੂਦ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਇਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 

ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲਾ 34-34 ਵੋਟਾਂ ਨਾਲ ਬਰਾਬਰੀ ’ਤੇ ਰਿਹਾ ਸੀ ਪਰ ਉਸ ਤੋਂ ਬਾਅਦ ਮਹਾਜਨ ਨੂੰ ‘ਡਰਾਅ’ ਜ਼ਰੀਏ ਜੇਤੂ ਐਲਾਨ ਦਿਤਾ ਗਿਆ। ਇਹ ਕਾਂਗਰਸ ਲਈ ਵੱਡਾ ਝਟਕਾ ਹੈ ਜਿਸ ਕੋਲ 68 ਮੈਂਬਰ ਵਿਧਾਨ ਸਭਾ ’ਚ 40 ਵਿਧਾਇਕ ਹਨ ਅਤੇ ਉਸ ਨੇ ਆਜ਼ਾਦੀ ਉਮੀਦਵਾਰਾਂ ਦੀ ਹਮਾਇਤ ਹੋਣ ਦਾ ਵੀ ਦਾਅਵਾ ਕੀਤਾ ਹੈ। ਇਸ ਨਤੀਜੇ ਤੋਂ ਸਪੱਸ਼ਟ ਹੋ ਗਿਆ ਹੈ ਕਿ 9 ਵਿਧਾਇਕਾਂ ਨੇ ਭਾਜਪਾ ਦੇ ਹੱਕ ’ਚ ਵੋਟ ਦਿਤੀ। 

ਭਾਜਪਾ ਨੇ ਦਾਅਵਾ ਕੀਤਾ ਸੀ ਕਿ ਮਹਾਜਨ ਮਜ਼ਬੂਤ ਸਥਿਤੀ ’ਚ ਹਨ ਕਿਉਂਕਿ ਕਾਂਗਰਸ ਦੇ ਕਈ ਵਿਧਾਇਕਾਂ ਨੇ ‘ਅੰਤਰਆਤਮਾ ਦੀ ਆਵਾਜ਼ ਸੁਣ ਕੇ ਵੋਟ ਪਾਉਣ’ ਦੀ ਉਨ੍ਹਾਂ ਦੀ ਅਪੀਲ ’ਤੇ ਧਿਆਨ ਦਿਤਾ ਹੈ। ਤਿੰਨ ਵਾਰੀ ਵਿਧਾਇਕ ਰਹੇ ਅਤੇ ਸੂਬੇ ਦੇ ਸਾਬਕਾ ਮੰਤਰੀ ਮਹਾਜਨ ਨੇ ਸਤੰਬਰ 2022 ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਸੀ ਅਤੇ ਭਾਜਪਾ ’ਚ ਸ਼ਾਮਲ ਹੋ ਗਏ ਸਨ। 

ਮੁੱਖ ਮੰਤਰੀ ਸੁੱਖੂ ਨੇ ਲਾਇਆ ਕਾਂਗਰਸ ਦੇ 5-6 ਵਿਧਾਇਕਾਂ ਨੂੰ ਅਗ਼ਵਾ ਕਰਨ ਦਾ ਦੋਸ਼ 

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਨਤੀਜੇ ਦੇ ਐਲਾਨ ਤੋਂ ਪਹਿਲਾਂ ਦੋਸ਼ ਲਾਇਆ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਅਤੇ ਹਰਿਆਣਾ ਪੁਲਿਸ ਦੇ ਕਾਫਲਿਆਂ ’ਚ ਪੰਜ ਤੋਂ ਛੇ ਕਾਂਗਰਸੀ ਵਿਧਾਇਕਾਂ ਨੂੰ ਅਗਵਾ ਕਰ ਕੇ ਲਿਜਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੇ ਪਰਵਾਰ ਉਨ੍ਹਾਂ (ਵਿਧਾਇਕਾਂ) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਵੀਡੀਉ ਸਾਹਮਣੇ ਆ ਰਿਹਾ ਹੈ ਜਿਸ ’ਚ ਹਰਿਆਣਾ ਦੇ ਪੰਚਕੂਲਾ ’ਚ ਇਕ ਗੈਸਟ ਹਾਊਸ ਦੇ ਬਾਹਰ ਕਾਰਾਂ ਦਾ ਇਕ ਛੋਟਾ ਕਾਫਲਾ ਕਥਿਤ ਤੌਰ ’ਤੇ ਵਿਖਾਈ ਦੇ ਰਿਹਾ ਹੈ। ਇਸ ਕਲਿੱਪ ’ਚ ਧਰਮਸ਼ਾਲਾ ਤੋਂ ਕਾਂਗਰਸ ਵਿਧਾਇਕ ਸੁਧੀਰ ਸ਼ਰਮਾ, ਇਕ ਆਜ਼ਾਦ ਵਿਧਾਇਕ ਅਤੇ ਭਾਜਪਾ ਦੇ ਕੁੱਝ ਵਿਧਾਇਕਾਂ ਨੂੰ ਵੇਖਿਆ ਜਾ ਸਕਦਾ ਹੈ। 

ਵਿਧਾਨ ਸਭਾ ’ਚ ਸੁੱਖੂ ਸਰਕਾਰ ਵਿਰੁਧ ਬੇਭਰੋਸਗੀ ਮਤਾ ਲਿਆ ਸਕਦੀ ਹੈ ਭਾਜਪਾ

ਉਨ੍ਹਾਂ ਇਹ ਦੋਸ਼ ਰਾਜ ਸਭਾ ਦੀ ਇਕਲੌਤੀ ਸੀਟ ਲਈ ਵੋਟਿੰਗ ਖਤਮ ਹੋਣ ਦੇ ਕੁੱਝ ਘੰਟਿਆਂ ਬਾਅਦ ਲਗਾਇਆ, ਜਦੋਂ ਸੱਤਾਧਾਰੀ ਕਾਂਗਰਸ ਵਿਚ ਕ੍ਰਾਸ ਵੋਟਿੰਗ ਨੂੰ ਲੈ ਕੇ ਚਿੰਤਾਵਾਂ ਸਨ। ਇਹ ਵੀ ਚਰਚਾ ਸੀ ਕਿ ਜੇ ਕਾਂਗਰਸ ਉਮੀਦਵਾਰ ਰਾਜ ਸਭਾ ਜਿੱਤਣ ’ਚ ਅਸਫਲ ਰਹਿੰਦਾ ਹੈ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜ ਵਿਧਾਨ ਸਭਾ ’ਚ ਸੁੱਖੂ ਸਰਕਾਰ ਵਿਰੁਧ ਬੇਭਰੋਸਗੀ ਮਤਾ ਲਿਆ ਸਕਦੀ ਹੈ। ਕਾਂਗਰਸ ਕੋਲ 68 ਮੈਂਬਰੀ ਵਿਧਾਨ ਸਭਾ ’ਚ 40 ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਪੱਸ਼ਟ ਬਹੁਮਤ ਹੈ। ਵਿਰੋਧੀ ਧਿਰ ਭਾਜਪਾ ਕੋਲ 25 ਵਿਧਾਇਕ ਹਨ। ਸੁੱਖੂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਗੁੰਡਾਗਰਦੀ ਕਰ ਰਹੀ ਹੈ, ਜੋ ਲੋਕਤੰਤਰ ਦੇ ਨਜ਼ਰੀਏ ਤੋਂ ਚੰਗਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਵਾਰ-ਵਾਰ ਗਿਣਤੀ ਕਮਰੇ ’ਚ ਆ ਰਹੇ ਹਨ ਅਤੇ ਪੋਲਿੰਗ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ।