ਇਨਸਾਨਾਂ ਤੋਂ ਬਾਅਦ ਹੁਣ ਪਸ਼ੂਆਂ ਦੇ ਵੀ ਬਣਨਗੇ 'ਆਧਾਰ ਕਾਰਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਸਾਨਾਂ ਤੋਂ ਬਾਅਦ ਹੁਣ ਪਸ਼ੂਆਂ ਦੇ ਵੀ ਆਧਾਰ ਕਾਰਡ ਬਣਨਗੇ। ਜਾਣਕਾਰੀ ਅਨੁਸਾਰ ਹੁਣ ਦੇਸ਼ ਭਰ ਵਿਚ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਮਨੁੱਖਾਂ ਵਾਂਗ 12 ਅੰਕਾਂ ਦਾ

After Humans Animal get Unique Identity Number

ਇੰਦੌਰ : ਇਨਸਾਨਾਂ ਤੋਂ ਬਾਅਦ ਹੁਣ ਪਸ਼ੂਆਂ ਦੇ ਵੀ ਆਧਾਰ ਕਾਰਡ ਬਣਨਗੇ। ਜਾਣਕਾਰੀ ਅਨੁਸਾਰ ਹੁਣ ਦੇਸ਼ ਭਰ ਵਿਚ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਮਨੁੱਖਾਂ ਵਾਂਗ 12 ਅੰਕਾਂ ਦਾ ਯੂਨੀਕ ਆਈਡੀ ਨੰਬਰ ਦਿਤਾ ਜਾਵੇਗਾ। ਇਸ ਦੇ ਲਈ ਬਕਾਇਦਾ ਪਸ਼ੂਆਂ ਦੇ ਕੰਨ ਵਿਚ ਬਾਰਕੋਡਿੰਗ ਵਾਲਾ ਇਕ ਵਿਸ਼ੇਸ਼ ਟੈਗ ਵੀ ਲਗਾਇਆ ਜਾਵੇਗਾ। ਇਹ ਯੋਜਨਾ ਕੇਂਦਰ ਸਰਕਾਰ ਦੇ ਇਨਫਰਮੇਸ਼ਨ ਨੈੱਟਵਰਕ ਫਾਰ ਐਨੀਮਲ ਪ੍ਰੋਡਕਟੀਵਿਟੀ ਐਂਡ ਹੈਲਥ ਯੋਜਨਾ ਤਹਿਤ ਲਿਆਂਦੀ ਜਾ ਰਹੀ ਹੈ।

ਦਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਦੀ ਸ਼ੁਰੂਆਤ ਮੱਧ ਪ੍ਰਦੇਸ਼ ਤੋਂ ਕੀਤੀ ਜਾਵੇਗੀ, ਜਿੱਥੇ ਗਊਆਂ ਦੀ ਗਿਣਤੀ 96 ਲੱਖ ਅਤੇ ਮੱਝਾਂ ਦੀ ਗਿਣਤੀ 81 ਲੱਖ ਹੈ। ਯੋਜਨਾ ਦੇ ਪਹਿਲੇ ਪੜਾਅ ਵਿਚ ਦੋ ਕਰੋੜ 77 ਲੱਖ ਪਸ਼ੂਆਂ ਵਿਚੋਂ ਪ੍ਰਜਣਨ ਯੋਗ 90 ਲੱਖ ਗਊਆਂ ਅਤੇ ਮੱਝਾਂ ਨੂੰ ਇਹ ਟੈਗ ਲਗਾਏ ਜਾਣਗੇ। ਇਹ ਵੀ ਦਸਣਯੋਗ ਹੈ ਕਿ ਇੰਦੌਰ ਜ਼ਿਲ੍ਹੇ ਵਿਚ ਪ੍ਰਜਣਨਯੋਗ ਇਕ ਲੱਖ 48 ਹਜ਼ਾਰ ਗਊਆਂ ਅਤੇ ਮੱਝਾਂ ਹਨ। 

ਸਰਕਾਰ ਇਹ ਯੋਜਨਾ ਇਸ ਲਈ ਲਿਆ ਰਹੀ ਹੈ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਸ਼ੂਆਂ ਸਬੰਧੀ ਪੂਰੀ ਜਾਣਕਾਰੀ ਨਹੀਂ ਹੁੰਦੀ। ਜੇਕਰ ਕੋਈ ਪਸ਼ੂ ਗੁਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਜੁਟਾਉਣੀ ਔਖੀ ਹੋ ਜਾਂਦੀ ਹੈ। ਇਸ ਯੋਜਨਾ ਤਹਿਤ ਜਿੱਥੇ ਪਸ਼ੂਆਂ ਦਾ ਅੰਕੜਾ ਸਪੱਸ਼ਟ ਹੋਵੇਗਾ, ਉਥੇ ਹੀ ਮਾਲਕਾਂ ਦੇ ਅੰਕੜੇ ਵੀ ਇਕੱਠੇ ਕੀਤੇ ਜਾਣਗੇ। 

ਇਸ ਸਕੀਮ ਤਹਿਤ ਜਿਹੜੇ ਆਧਾਰ ਕਾਰਡ ਤਿਆਰ ਕੀਤੇ ਜਾਣਗੇ, ਉਨ੍ਹਾਂ ਵਿਚ ਪਸ਼ੂ ਦੀ ਨਸਲ, ਆਖ਼ਰੀ ਪ੍ਰਜਣਨ, ਗਰਭਧਾਰਨ ਦਾ ਸਮਾਂ, ਦੁੱਧ ਦੀ ਮਾਤਰਾ, ਬਿਮਾਰੀਆਂ, ਪਸ਼ੂ ਨੂੰ ਦਿਤੀਆਂ ਜਾਣ ਵਾਲੀਆਂ ਦਵਾਈਆਂ ਸਬੰਧੀ ਪੂਰੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨਾਲ ਬਕਾਇਦਾ ਮਾਲਕ ਦਾ ਨਾਮ ਵੀ ਰਜਿਸਟਰਡ ਕੀਤਾ ਜਾਵੇਗਾ।