ਫ਼ੌਜੀ ਵਰਦੀ 'ਚ ਸ਼ੱਕੀ ਦੇਖੇ ਜਾਣ ਤੋਂ ਬਾਅਦ ਫ਼ੌਜ ਤੇ ਪੁਲਿਸ ਨੇ ਚਲਾਇਆ ਸਾਂਝਾ ਸਰਚ ਅਪਰੇਸ਼ਨ
ਜੰਮੂ ਵਿਚ ਅਮਰਨਾਥ ਬੇਸ ਕੈਂਪ ਤੋਂ ਮਹਿਜ਼ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਤੋਂ ਬਾਅਦ ਪੁਲਿਸ ਅਤੇ ਫ਼ੌਜ ਨੇ ਮਿਲ ਕੇ ਪੂਰੇ ਇਲਾਕੇ
ਜੰਮੂ-ਕਸ਼ਮੀਰ : ਜੰਮੂ ਵਿਚ ਅਮਰਨਾਥ ਬੇਸ ਕੈਂਪ ਤੋਂ ਮਹਿਜ਼ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਤੋਂ ਬਾਅਦ ਪੁਲਿਸ ਅਤੇ ਫ਼ੌਜ ਨੇ ਮਿਲ ਕੇ ਪੂਰੇ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਪਰ ਸ਼ੱਕੀ ਵਿਅਕਤੀਆਂ ਦਾ ਹਾਲੇ ਤਕ ਕੁੱਝ ਪਤਾ ਨਹੀਂ ਚੱਲ ਸਕਿਆ।
ਜਾਣਕਾਰੀ ਅਨੁਸਾਰ ਇੱਥੇ ਇਕ ਲੱਕੜੀ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਪੁਲਿਸ ਨੂੰ ਸਬੰਧੀ ਸੂਚਨਾ ਦਿਤੀ ਸੀ। ਉਸ ਨੇ ਦਸਿਆ ਸੀ ਕਿ ਉਸ ਕੋਲ ਫ਼ੌਜ ਦੀ ਵਰਦੀ ਪਹਿਨੇ ਦੋ ਸ਼ੱਕੀ ਵਿਅਕਤੀ ਆਏ ਸਨ, ਜਿਨ੍ਹਾਂ ਨੇ ਉਸ ਦੇ ਫ਼ੋਨ ਤੋਂ ਕਿਸੇ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਨਹੀਂ ਲੱਗ ਸਕਿਆ। ਉਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ ਹਸਪਤਾਲ ਅਤੇ ਸ਼ਹਿਰ ਦੀ ਦੂਰੀ ਬਾਰੇ ਪੁੱਛਿਆ।
ਇਸ ਸੂਚਨਾ ਦੇ ਮਿਲਣ ਤੋਂ ਬਾਅਦ ਪੁਲਿਸ ਅਤੇ ਫ਼ੌਜ ਨੇ ਮਿਲ ਕੇ ਜਿੱਥੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ, ਉਥੇ ਹੀ ਸ਼ੱਕੀਆਂ ਨੂੰ ਲੱਭਣ ਲਈ ਸਰਚ ਅਪਰੇਸ਼ਨ ਵੀ ਚਲਾਇਆ ਗਿਆ ਹੈ। ਦਸ ਦਈਏ ਕਿ ਕਾਫ਼ੀ ਸਮੇਂ ਤੋਂ ਘਾਟੀ ਵਿਚ ਅੱਤਵਾਦੀਆਂ ਵਲੋਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿਤਾ ਜਾ ਚੁੱਕਿਆ ਹੈ। ਅਤਿਵਾਦੀ ਮੁੜ ਤੋਂ ਅਪਣੀ ਕਿਸੇ ਚਾਲ ਵਿਚ ਕਾਮਯਾਬ ਨਾ ਹੋ ਸਕਣ, ਇਸ ਦੇ ਲਈ ਫ਼ੌਜ ਨੇ ਖੇਤਰ ਵਿਚ ਚੌਕਸੀ ਵਧਾ ਦਿਤੀ ਹੈ।
ਦਸ ਦਈਏ ਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਅੱਤਵਾਦੀ ਫ਼ੌਜ ਦੇ ਭੇਸ ਵਿਚ ਕਈ ਥਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜੰਮੂ ਨਾਲ ਲਗਦੀ ਪੰਜਾਬ ਦੀ ਸਰਹੱਦ 'ਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।