ਅਮਰੀਕਾ ਨੂੰ ਡਰ ਸੀ ਕਿ ਇੰਦਰਾ ਗਾਂਧੀ ਦੀ ਹਤਿਆ ਹੋ ਜਾਵੇਗੀ
ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਇੰਦਰਾ ਗਾਂਧੀ ਦੀ ਹਤਿਆ ਤੋਂ ਕਰੀਬ ਦੋ ਸਾਲ ਪਹਿਲਾਂ ਇਹ ਕਿਆਫ਼ੇ ਲਾਏ ਸਨ ਕਿ ਜੇ ਅਚਾਨਕ ਇੰਦਰਾ ਗਾਂਧੀ ਦੀ ਹਤਿਆ ਹੋ ਜਾਂਦੀ ਹੈ ਤਾਂ..
ਵਾਸ਼ਿੰਗਟਨ, 9 ਅਗੱਸਤ : ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਇੰਦਰਾ ਗਾਂਧੀ ਦੀ ਹਤਿਆ ਤੋਂ ਕਰੀਬ ਦੋ ਸਾਲ ਪਹਿਲਾਂ ਇਹ ਕਿਆਫ਼ੇ ਲਾਏ ਸਨ ਕਿ ਜੇ ਅਚਾਨਕ ਇੰਦਰਾ ਗਾਂਧੀ ਦੀ ਹਤਿਆ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਬੇਟਾ ਰਾਜੀਵ ਗਾਂਧੀ ਸ਼ਾਇਦ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਸੰਭਾਲੇਗਾ ਕਿਉਂਕਿ ਉਹ ਰਾਜਨੀਤਕ ਤੌਰ 'ਤੇ ਪ੍ਰੌੜ ਨਹੀਂ ਹੈ ਅਤੇ ਪਾਰਟੀ ਜਾਂ ਲੋਕਾਂ ਨੂੰ ਉਤਸ਼ਾਹਤ ਕਰਨ ਵਿਚ ਅਸਫ਼ਲ ਰਹੇਗਾ।
ਏਜੰਸੀ ਨੇ ਇਕ ਖ਼ੁਫ਼ੀਆ ਰੀਪੋਰਟ ਜਨਤਕ ਕੀਤੀ ਹੈ ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ। ਸੈਂਟਰਲ ਇੰਟੈਲੀਜੈਂਸ ਏਜੰਸੀ ਦੀ 14 ਜਨਵਰੀ 1983 ਵਾਲੀ ਰੀਪੋਰਟ ਵਿਚ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਇਸ ਤਰ੍ਹਾਂ ਦੇ ਹਾਲਾਤ ਵਿਚ ਕਮਜ਼ੋਰ ਪੈ ਜਾਵੇਗੀ ਹਾਲਾਂਕਿ ਅਕਤੂਬਰ 1984 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਦੀ ਹਤਿਆ ਤੋਂ ਬਾਅਦ ਦੀਆਂ ਘਟਨਾਵਾਂ ਸੀਆਈਏ ਦੇ ਕਿਆਫ਼ੇ ਮੁਤਾਬਕ ਨਹੀਂ ਰਹੀਆਂ ਅਤੇ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਉਨ੍ਹਾਂ ਦੇ ਉਤਰਾਅਧਿਕਾਰੀ ਬਣੇ ਜੋ ਕੁੱਝ ਹੀ ਮਹੀਨਿਆਂ ਬਾਅਦ ਬੇਮਿਸਾਲ ਫ਼ਤਵੇ ਨਾਲ ਮੁੜ ਚੁਣੇ ਗਏ। ਉਂਜ ਇਹ ਕਿਆਫ਼ਾ ਸਹੀ ਸਾਬਤ ਹੋ ਗਿਆ ਕਿ ਇੰਦਰਾ ਗਾਂਧੀ ਦੀ ਅਚਾਨਕ ਮੌਤ (ਹਤਿਆ) ਹੋ ਗਈ।
ਸੀਆਈਏ ਨੇ '1980 ਦੇ ਦਹਾਕੇ ਦੇ ਮੱਧ ਵਿਚ ਭਾਰਤ : ਟੀਚੇ ਅਤੇ ਚੁਨੌਤੀਆਂ' ਰੀਪੋਰਟ ਦੀ ਕਾਪੀ ਭਾਰਤ ਦੇ ਸੂਚਨਾ ਅਧਿਕਾਰ ਕਾਨੂੰਨ ਜਿਹੇ ਸੂਚਨਾ ਦੀ ਆਜ਼ਾਦੀ ਕਾਨੂੰਨ (ਐਫ਼ਓਆਈਏ) ਤਹਿਤ ਜਾਰੀ ਕੀਤੀ ਹੈ। ਇਸ ਰੀਪੋਰਟ ਵਿਚੋਂ ਕੁੱਝ ਜਾਣਕਾਰੀ ਹਟਾ ਦਿਤੀ ਗਈ ਹੈ। ਰੀਪੋਰਟ ਵਿਚ ਦਸਿਆ ਗਿਆ ਹੈ ਕਿ 1985 ਵਿਚ ਆਗਾਮੀ ਆਮ ਚੋਣਾਂ ਵਿਚ ਮਾਮੂਲੀ ਫ਼ਰਕ ਨਾਲ ਇੰਦਰਾ ਗਾਂਧੀ ਦੀ ਮੁੜ ਚੋਣ ਅਤੇ ਉਸ ਦੀ ਅਚਾਨਕ ਮੌਤ ਦੀ ਹਾਲਤ ਵਿਚ ਵਾਪਰਨ ਵਾਲੀਆਂ ਘਟਨਾਵਾਂ 'ਤੇ ਵਿਚਾਰ ਕੀਤਾ ਗਿਆ। ਸੀਆਈਏ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਦੀ ਅਚਾਨਕ ਹਤਿਆ ਹੋਣ 'ਤੇ ਰਾਜੀਵ ਗਾਧੀ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ। ਜੇ ਰਾਜੀਵ ਗਾਂਧੀ ਅਪਣੀ ਮਾਂ ਵਾਂਗ ਸ਼ਾਨਦਾਰ ਰਾਜਨੀਤਕ ਰਣਨੀਤੀਕਾਰ ਬਣ ਕੇ ਨਹੀਂ ਉਭਰਦੇ ਜਾਂ ਕੋਈ ਪਾਰਟੀ ਸੰਗਠਨ ਵਿਕਸਤ ਨਹੀਂ ਕਰਦੇ ਤਾਂ ਪ੍ਰਧਾਨ ਮੰਤਰੀ ਬਣਨ 'ਤੇ ਵੀ ਸੱਤਾ ਦੀ ਉਸ ਦੀ ਜਕੜ ਨਹੀਂ ਰਹੇਗੀ।
ਕਿਹਾ ਗਿਆ ਕਿ ਪਾਰਟੀ ਜਿਨ੍ਹਾਂ ਆਗੂਆਂ ਦੇ ਨਾਮ ਬਾਰੇ ਚਰਚਾ ਕਰ ਸਕਦੀ ਹੈ, ਉਨ੍ਹਾਂ 'ਚ ਵਿਦੇਸ਼ ਮੰਤਰੀ ਪੀ ਵੀ ਨਰਸਿਮ੍ਹਾ ਰਾਉ, ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਉਦਯੋਗ ਮੰਤਰੀ ਨਾਰਾਇਣ ਦੱਤ ਤਿਵਾੜੀ ਜਿਹੇ ਆਗੂ ਹਨ। (ਏਜੰਸੀ)