ਕੇਂਦਰ ਕਿਸਾਨਾਂ ਦਾ ਪਿਛਲੇ 47 ਸਾਲਾਂ ਦਾ ਬਕਾਇਆ ਦੇਵੇ : ਝੀਂਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਤਾ ਅਕਾਲੀ ਦਲ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਕਿਸਾਨਾਂ ਦੀ ਫਸਲ ਦਾ ਪਿਛਲੇ ੪੭ ਸਾਲਾਂ ਦਾ ਹਿਸਾਬ ਸਰਕਾਰ ਕੋਲੋਂ ਮੰਗਦੇ ਹੋਏ ਕਿਹਾ ਕਿ ੧੯੭੦ ਦੀ ਐਮ.ਐਸ.ਪੀ ਦੇ

Jhinda

ਸਿਰਸਾ, 8 ਅਗੱਸਤ (ਕਰਨੈਲ ਸਿੰਘ, ਸ.ਸ.ਬੇਦੀ) : ਜਨਤਾ ਅਕਾਲੀ ਦਲ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਕਿਸਾਨਾਂ ਦੀ ਫਸਲ ਦਾ ਪਿਛਲੇ ੪੭ ਸਾਲਾਂ ਦਾ ਹਿਸਾਬ ਸਰਕਾਰ ਕੋਲੋਂ ਮੰਗਦੇ ਹੋਏ ਕਿਹਾ ਕਿ ੧੯੭੦ ਦੀ ਐਮ.ਐਸ.ਪੀ ਦੇ ਹਿਸਾਬ ਨਾਲ ਜੇ ਕਰ ਵਸਤੂਆਂ ਦੇ ਮੁੱਲ ਦਾ ਹਿਸਾਬ ਲਗਾਈਏ ਤਾਂ ਪ੍ਰਤੀ ਏਕੜ ਕਿਸਾਨ ਨੂੰ ਸਰਕਾਰ ਵੱਲੋਂ ੧੮ ਲੱਖ ਰੁਪਏ ਦੇਣੇ ਬਣਦੇ ਹਨ ਅਤੇ ਪੰਜ ਏਕੜ ਵਾਲੇ ਕਿਸਾਨ ਨੂੰ ਸਰਕਾਰ ਕੋਲੋਂ ੯੦ ਲੱਖ ਰੁਪਏ ਲੈਣੇ ਬਣਦੇ ਹਨ। ਉਨ੍ਹਾਂ ਕਿਹਾ ਕਿ ਉਨਾਂ ਦੀ ਪਾਰਟੀ ਕਿਸਾਨਾਂ ਦੇ ਇਸ ਮੁੱਦੇ ਨੂੰ ਲੈਕੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਕਿਸਾਨਾਂ ਦੀ ਬਦਹਾਲੀ ਦੇ ਕਾਰਣਾਂ ਦਾ ਚਿੱਠਾ ਆਂਕੜਿਆਂ ਸਹਿਤ ਪੇਸ਼ ਕਰਨਗੇ। ਇਹ ਸ਼ਬਦ ਇੱਥੇ ਅੱਜ ਪੰਜਾਬ ਪੈਲੇਸ ਵਿਖੇ ਇਕ ਪਰੈਸ ਨਾਲ ਮਿਲਣੀ ਵਿੱਚ ਸ. ਝੀਂਡਾ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਕਹੇ।
ਇਸਤੋਂ ਪਹਿਲਾਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਇਸ ਦੀ ਸਿਆਸੀ ਵਿੰਗ “ਜਨਤਾ ਅਕਾਲੀ ਦਲ“ ਦਾ ਗਠਨ ਕੀਤਾ। ਜਿਸ ਦੇ ਪ੍ਰਧਾਨ ਸ. ਝੀਂਡਾ ਹੋਣਗੇ, ਸਵਰਨ ਸਿੰਘ ਰੱਤੀਆ ਜਨਰਲ ਸਕੱਤਰ, ਅੰਗਰੇਜ ਸਿੰਘ ਅਤੇ ਜਗਦੇਵ ਸਿੰਘ ਮਟਦਾਦੂ ਮੀਤ ਪ੍ਰਧਾਨ ਹੋਣਗੇ। ਬੀਬੀ ਜਸਬੀਰ ਕੌਰ ਰੱਤੀਆ ਇਸਤਰੀ ਦਲ ਦੇ ਪ੍ਰਧਾਨ ਹੋਣਗੇ।
ਸ. ਝੀਂਡਾ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਅਨਾਜ ਦੀ ਘਾਟ ਕਰਕੇ ਹਾਲ ਦੁਹਾਈ ਮੱਚੀ ਹੋਈ ਸੀ ਅਤੇ ਅਸੀ ਅੰਨ੍ਹ ਵਾਸਤੇ ਦੂਸਰੇ ਮੁਲਕਾਂ ਅੱਗੇ ਹੱਥ ਟੱਡ ਦੇ ਫਿਰ ਰਹੇ ਸਾਂ ਉਸ ਵੇਲੇ ਕਿਸਾਨ ਨੇ ਸਰਕਾਰ ਦੇ ਕਹਿਣ ਤੇ ਖਾਦਾਂ ਅਤੇ ਕੀਟ ਨਾਸ਼ਕਾਂ ਦਾ ਪ੍ਰਯੋਗ ਕਰਕੇ ਦੇਸ਼ ਦੇ ਅੰਨ੍ਹ ਦੇ ਭੰਡਾਰ ਭਰੇ ਹੀ ਨਹੀਂ ਸਗੋਂ ਇਤਨਾ ਬਾਫਰ ਕਰ ਦਿੱਤਾ ਕਿ ਸਰਕਾਰ ਕੋਲੋਂ ਸਾਂਭਿਆ ਹੀ ਨਹੀਂ ਜਾਂਦਾ।ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਕਿਸਾਨ ਨੇ ਦੇਸ਼ ਦੇ ਅੰਨ੍ਹ ਦੇ ਭੰਡਾਰ ਭਰੇ ਉਸ ਨੂੰ ਬਹੁਤ ਹੀ ਬਦਨੀਤੀ ਤਹਿਤ ਭਿਖਾਰੀ ਬਣਾ ਦਿੱਤਾ ਕਿਉਂਕਿ ਉਸ ਨੂੰ ਉਸ ਦੀ ਫਸਲ ਦਾ ਸਹੀ ਮੁੱਲ ਹੀ ਨਹੀਂ ਦਿੱਤਾ ਗਿਆ।ਉਨ੍ਹਾਂ ਕਿਹਾ ਬਾਕੀ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਹੁਣ ਤੱਕ ਕਿਸਾਨ ਦੇ ਇਸ ਮੁੱਦੇ ਨੂੰ ਉਭਾਰਿਆ ਹੀ ਨਹੀਂ ਨੂੰ ਭੀ ਨਾਲ ਲੈ ਕੇ ਇਸ ਸੰਘਰਸ਼ ਵਿੱਚ ਸ਼ਾਮਲ ਕੀਤਾ ਜਾਏਗਾ।ਕਿਸਾਨਾਂ ਵੱਲੋਂ ਪਰਾਲੀ ਸਾੜੈ ਜਾਣ ਬਾਰੇ ਪੁੱਛੇ ਸਵਾਲ ਦਾ ਝੀਂਡਾ ਨੇ ਕੋਈ ਜਵਾਬ ਨਾ ਦਿੱਤਾ।
ਇਸ ਜਨਤਾ ਅਕਾਲੀ ਦਲ ਦੇ ਦਾਇਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਝੀਂਡਾ ਸਾਹਿਬ ਨੇ ਕਿਹਾ ਫਿਲਹਾਲ ਇਸ ਦਾ ਦਾਇਰਾ ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮੱਧ ਪ੍ਰਦੇਸ਼ ਹੋਵੇਗੇ। ਇਨ੍ਹਾਂ ਸਾਰੇ ਸੂਬਿਆਂ ਵਿੱਚ ਉਨ੍ਹਾਂ ਦੀ ਪਾਰਟੀ ਚੋਣਾਂ ਵਿੱਚ ਆਪਣੇ ਨੁਮਾਇੰਦੇ ਉਤਾਰੇਗੀ। ਇਸ ਵੇਲੇ ਉਨ੍ਹਾਂ ਦੇ ਨਾਲ ਜਗਦੇਵ ਸਿੰਘ ਮਟਦਾਦੂ, ਅੰਗਰੇਜ ਸਿੰਘ, ਸਵਰਨ ਸਿੰਘ ਰੱਤੀਆ. ਬੀਬੀ ਜਸਬੀਰ ਕੌਰ, ਭਾਈ ਸੁਰਜੀਤ ਸਿੰਘ ਪ੍ਰਧਾਨ ਮਜ੍ਹਬੀ ਸਿੰਘ ਸਭਾ ਹਾਜ਼ਰ ਸਨ।