ਚੀਨੀ ਅਖ਼ਬਾਰ ਨੇ ਫਿਰ ਦਿਤੀ ਧਮਕੀ 'ਭਾਰਤ ਨਾਲ ਯੁੱਧ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁਕੀ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੋਕਲਾਮ ਮਾਮਲੇ 'ਤੇ ਚੀਨ-ਭਾਰਤ ਵਿਚਕਾਰ ਤਕਰਾਰਬਾਜ਼ੀ ਜਾਰੀ ਹੈ। ਭਾਰਤ ਜਿਥੇ ਯੁੱਧ ਨੂੰ ਸਥਾਈ ਹੱਲ ਨਾ ਦੱਸ ਕੇ ਸ਼ਾਂਤੀ ਨਾਲ ਸਮੱਸਿਆ ਦੇ ਨਿਪਟਾਰੇ ਦੀ ਵਕਾਲਤ ਕਰ ਰਿਹਾ ਹੈ,

China

 

ਬੀਜਿੰਗ, 9 ਅਗੱਸਤ : ਡੋਕਲਾਮ ਮਾਮਲੇ 'ਤੇ ਚੀਨ-ਭਾਰਤ ਵਿਚਕਾਰ ਤਕਰਾਰਬਾਜ਼ੀ ਜਾਰੀ ਹੈ। ਭਾਰਤ ਜਿਥੇ ਯੁੱਧ ਨੂੰ ਸਥਾਈ ਹੱਲ ਨਾ ਦੱਸ ਕੇ ਸ਼ਾਂਤੀ ਨਾਲ ਸਮੱਸਿਆ ਦੇ ਨਿਪਟਾਰੇ ਦੀ ਵਕਾਲਤ ਕਰ ਰਿਹਾ ਹੈ, ਉਥੇ ਹੀ ਚੀਨ ਦੀਆਂ ਧਮਕੀਆਂ ਦਾ ਗ੍ਰਾਫ਼ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਵਿਚਕਾਰ ਚੀਨ ਦੇ ਇਕ ਮੁੱਖ ਅਖ਼ਬਾਰ ਦੀ ਸੰਪਾਦਕੀ 'ਚ ਲਿਖਿਆ ਹੈ ਕਿ ਚੀਨ ਅਤੇ ਭਾਰਤ ਵਿਚਕਾਰ ਯੁੱਧ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁਕੀ ਹੈ।
'ਚਾਈਨਾ ਡੇਲੀ' ਅਖ਼ਬਾਰ ਦੀ ਸੰਪਾਦਕੀ 'ਚ ਲਿਖਿਆ ਗਿਆ ਹੈ ਕਿ ਭਾਰਤ ਨੂੰ ਛੇਤੀ ਇਸ ਦਿਸ਼ਾ 'ਚ ਕੋਈ ਕਦਮ ਚੁੱਕਣਾ ਚਾਹੀਦਾ ਹੈ, ਕਿਉਂਕਿ ਸ਼ਾਂਤੀਪੂਰਨ ਹੱਲ ਦੀਆਂ ਸੰਭਾਵਨਾਵਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।


ਸੰਪਾਦਕੀ 'ਚ ਭਾਰਤ ਨੂੰ ਡੋਕਲਾਮ ਤੋਂ ਅਪਣੀ ਫ਼ੌਜ ਹਟਾਉਣ ਦੀ ਹਿਦਾਇਤ ਦਿਤੀ ਗਈ ਹੈ। ਇਸ 'ਚ ਲਿਖਿਆ ਗਿਆ ਹੈ ਕਿ ਡੋਕਲਾਮ ਸਮੱਸਿਆ ਦਾ ਹੱਲ ਦਿੱਲੀ ਦੇ ਹੱਥ 'ਚ ਹੈ ਅਤੇ ਡੋਕਲਾਮ ਤੋਂ ਬਿਨਾਂ ਸ਼ਰਤ ਫ਼ੌਜ ਨੂੰ ਹਟਾ ਕੇ ਹਾਲਾਤ ਠੀਕ ਕੀਤੇ ਜਾ ਸਕਦੇ ਹਨ।
ਬੀਤੇ ਦਿਨ ਵੀ ਚੀਨ ਨੇ ਭਾਰਤ ਨੂੰ ਧਮਕੀ ਦਿਤੀ ਸੀ ਕਿ ਜੇ ਅਸੀਂ ਉਤਰਾਖੰਡ ਦੇ ਕਾਲਾਪਾਣੀ ਅਤੇ ਕਸ਼ਮੀਰ 'ਚ ਦਾਖ਼ਲ ਹੋ ਗਏ ਤਾਂ ਕੀ ਹੋਵੇਗਾ? ਡੋਕਲਾਮ ਮਾਮਲੇ 'ਤੇ ਚੀਨ ਵਲੋਂ ਇਸ ਤਰ੍ਹਾਂ ਦੇ ਲਗਾਤਾਰ ਬਿਆਨ ਆ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਹਾ ਗਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1962 ਵਾਲੀ ਗਲਤੀ ਦੁਹਰਾ ਰਹੇ ਹਨ। ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਸੰਪਾਦਕ ਨੇ ਵੀਡੀਉ ਜਾਰੀ ਕਰ ਕੇ ਚਿਤਾਵਨੀ ਦਿਤੀ ਸੀ ਕਿ ਜੇ ਭਾਰਤ ਅਪਣੇ ਫ਼ੌਜੀ ਨਹੀਂ ਹਟਾਉਂਦਾ ਤਾਂ ਯੁੱਧ ਹੋਵੇਗਾ।