ਚੀਨੀ ਫ਼ੌਜ ਨੇ ਭਾਰਤ ਨੂੰ ਚਿਤਾਵਨੀ ਦਿਤੀ
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਸੀਨੀਅਰ ਕਰਨਲ ਲੀ ਲੀ ਭਾਵੇਂ ਡੋਕਲਾਮ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹਨ ਪਰ ਉਨ੍ਹਾਂ ਨੇ ਭਾਰਤੀ ਫ਼ੌਜ ਨੂੰ ਸਖ਼ਤ ਸੁਨੇਹਾ...
ਹੁਐਰੋ, 7 ਅਗੱਸਤ : ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਸੀਨੀਅਰ ਕਰਨਲ ਲੀ ਲੀ ਭਾਵੇਂ ਡੋਕਲਾਮ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹਨ ਪਰ ਉਨ੍ਹਾਂ ਨੇ ਭਾਰਤੀ ਫ਼ੌਜ ਨੂੰ ਸਖ਼ਤ ਸੁਨੇਹਾ ਦਿਤਾ ਹੈ ਕਿ ਜੇ ਟਕਰਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਚੀਨ ਦੀ ਧਰਤੀ ਤੋਂ ਪਿੱਛੇ ਹਟ ਜਾਉ।
ਲੀ ਨੇ ਦਾਅਵਾ ਕੀਤਾ, ''ਭਾਰਤੀ ਫ਼ੌਜ ਨੇ ਜੋ ਹਰਕਤ ਕੀਤੀ ਉਹ ਚੀਨ ਉਤੇ ਹਮਲਾ ਹੈ।'' ਬੀਜਿੰਗ ਦੇ ਬਾਹਰੀ ਇਲਾਕੇ ਵਿਚ ਸਥਿਤ ਫ਼ੌਜੀ ਛਾਉਣੀ ਵਿਖਾਉਣ ਲਈ ਲਿਜਾਏ ਗਏ ਭਾਰਤੀ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ, ''ਚੀਨੀ ਫ਼ੌਜ ਜੋ ਸੋਚ ਰਹੇ ਹਨ, ਉਸ ਬਾਰੇ ਤੁਸੀਂ ਰੀਪੋਰਟ ਛਾਪ ਸਕਦੇ ਹੋ। ਮੈਂ ਇਕ ਫ਼ੌਜੀ ਹਾਂ ਅਤੇ ਅਪਣੇ ਮੁਲਕ ਦੀ ਰਖਿਆ ਲਈ ਸੱਭ ਕੁੱਝ ਕਰਾਂਗਾ।''
ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਪੱਤਰਕਾਰਾਂ ਨੂੰ ਜੰਗ ਦੇ ਜੌਹਰ ਵੀ ਵਿਖਾਏ। ਫਿਰ ਵੀ ਲੀ ਨੇ ਸਪੱਸ਼ਟ ਕੀਤਾ ਕਿ ਇਸ ਨੁਮਾਇਸ਼ ਦਾ ਡੋਕਲਾਮ ਨਾਲ ਕੋਈ ਖ਼ਾਸ ਸਬੰਧ ਨਹੀਂ ਹੈ ਜਿਥੇ ਚੀਨ ਮੁਤਾਬਕ ਇਕ ਬੁਲਡੋਜ਼ਰ ਸਮੇਤ 48 ਭਾਰਤੀ ਫ਼ੌਜੀ ਅਜੇ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ, ''ਇਸ ਤੋਂ ਇਲਾਵਾ ਸਰਹੱਦ 'ਤੇ ਅੱਜ ਵੀ ਭਾਰਤੀ ਹਥਿਆਰਬੰਦ ਫ਼ੌਜਾਂ ਵੱਡੀ ਗਿਣਤੀ ਵਿਚ ਤੈਨਾਤ ਹਨ।'' ਡੋਕਲਾਮ ਦੇ ਟਕਰਾਅ ਨਾਲ ਸਬੰਧਤ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ, ''ਪੀਪਲਜ਼ ਲਿਬਰੇਸ਼ਨ ਆਰਮੀ ਦੀ ਕਾਰਵਾਈ ਭਾਰਤ ਵਲੋਂ ਦਿਤੇ ਗਏ ਹੁੰਗਾਰੇ 'ਤੇ ਨਿਰਭਰ ਕਰੇਗੀ। ਜਦੋਂ ਜ਼ਰੂਰਤ ਹੋਵੇਗੀ ਤਾਂ ਅਸੀ ਬਣਦੀ ਕਾਰਵਾਈ ਕਰਾਂਗੇ।''
ਉਨ੍ਹਾਂ ਕਿਹਾ, ''ਅਸੀ ਸੀ.ਪੀ.ਸੀ. (ਚੀਨ ਦੀ ਕਮਿਊਨਿਸਟ ਪਾਰਟੀ) ਅਤੇ ਕੇਂਦਰੀ ਫ਼ੌਜ ਕਮਿਸ਼ਨ (ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਅਗਵਾਈ ਹੇਠ 23 ਲੱਖ ਫ਼ੌਜੀਆਂ ਦੀ ਹਾਈ ਕਮਾਨ) ਦੇ ਹੁਕਮਾਂ ਦੀ ਪਾਲਣਾ ਕਰਾਂਗੇ।'' (ਪੀਟੀਆਈ)