ਦੋ ਕਿਸਮ ਦੇ ਕਰੰਸੀ ਨੋਟ ਛਾਪ ਰਹੀ ਹੈ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ 'ਤੇ ਦੋ ਕਿਸਮ ਦੇ ਕਰੰਸੀ ਨੋਟ ਛਾਪਣ ਦਾ ਦੋਸ਼ ਲਾ ਰਹੇ ਕਾਂਗਰਸੀ ਮੈਂਬਰਾਂ ਨੇ ਅੱਜ ਰਾਜ ਸਭਾ ਦੀ ਕਾਰਵਾਈ ਨਾ ਚੱਲਣ ਦਿਤੀ ਅਤੇ ਰੌਲਾ-ਰੱਪਾ ਲਗਾਤਾਰ ਜਾਰੀ ਰਹਿਣ..

Notes

ਨਵੀਂ ਦਿੱਲੀ, 8 ਅਗੱਸਤ : ਸਰਕਾਰ 'ਤੇ ਦੋ ਕਿਸਮ ਦੇ ਕਰੰਸੀ ਨੋਟ ਛਾਪਣ ਦਾ ਦੋਸ਼ ਲਾ ਰਹੇ ਕਾਂਗਰਸੀ ਮੈਂਬਰਾਂ ਨੇ ਅੱਜ ਰਾਜ ਸਭਾ ਦੀ ਕਾਰਵਾਈ ਨਾ ਚੱਲਣ ਦਿਤੀ ਅਤੇ ਰੌਲਾ-ਰੱਪਾ ਲਗਾਤਾਰ ਜਾਰੀ ਰਹਿਣ ਕਾਰਨ ਡਿਪਟੀ ਚੇਅਰਪਰਸਨ ਪੀ.ਜੇ. ਕੁਰੀਅਨ ਨੇ ਸਦਨ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ।
ਕਾਂਗਰਸੀ ਮੈਂਬਰਾਂ ਨੇ ਕਈ ਵਾਰ ਸਦਨ ਦੇ ਵਿਚਕਾਰ ਆ ਕੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ 500 ਰੁ. ਦੇ ਨੋਟ ਲਹਿਰਾਏ ਅਤੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਕਾਰਵਾਈ ਨੂੰ ਪੰਜ ਵਾਰ ਮੁਲਤਵੀ ਕਰਨਾ ਪਿਆ। ਕਾਂਗਰਸ ਦੇ ਕਪਿਲ ਸਿੱਬਲ ਨੇ ਸਿਫ਼ਰ ਕਾਲ ਦੌਰਾਨ ਦੋ ਕਿਸਮ ਦੇ ਕਰੰਸੀ ਨੋਟ ਛਾਪਣ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਕਿ 500 ਰੁਪਏ ਦੇ ਨੋਟਾਂ ਨੂੰ ਦੋ ਵਖਰੇ ਆਕਾਰ ਅਤੇ ਡਿਜ਼ਾਈਨ ਤਹਿਤ ਛਾਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਕਿਸਮ ਦੇ ਨੋਟ ਸੱਤਾਧਾਰੀ ਧਿਰ ਵਾਸਤੇ ਹਨ ਜਦਕਿ ਦੂਜੀ ਕਿਸਮ ਦੇ ਨੋਟ ਬਾਕੀ ਲੋਕਾਂ ਲਈ ਹਨ।
ਸਿੱਬਲ ਨੇ ਕਿਹਾ, ''ਸਾਨੂੰ ਅੱਜ ਪਤਾ ਲੱਗਾ ਕਿ ਸਰਕਾਰ ਨੇ ਨੋਟਬੰਦੀ ਕਿਉਂ ਕੀਤੀ ਸੀ।'' ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਹ ਮੁਲਕ ਦਾ ਸੱਭ ਤੋਂ ਵੱਡਾ ਘਪਲਾ ਹੈ ਅਤੇ ਸਰਕਾਰ ਨੂੰ ਪੰਜ ਮਿੰਟ ਵੀ ਸੱਤਾ ਵਿਚ ਬਣੇ ਰਹਿਣ ਦਾ ਹੱਕ ਨਹੀਂ ਹੈ। ਇਸ 'ਤੇ ਡਿਪਟੀ ਚੇਅਰਪਰਸਨ ਪੀ.ਜੇ. ਕੁਰੀਅਨ ਨੇ ਕਿਹਾ ਕਿ ਜੇ ਦੋ ਕਿਸਮ ਦੇ ਨੋਟ ਛਾਪੇ ਵੀ ਜਾ ਰਹੇ ਹਨ ਤਾਂ ਵੀ ਇਸ ਮਸਲੇ ਨੂੰ ਬਗ਼ੈਰ ਨੋਟਿਸ ਦਿਤੇ ਨਹੀਂ ਉਠਾਇਆ ਜਾ ਸਕਦਾ। ਕਾਂਗਰਸ ਦੇ ਮੈਂਬਰਾਂ ਨੂੰ ਤ੍ਰਿਣਮੂਲ ਕਾਂਗਰਸ ਅਤੇ ਜਨਤਾ ਦਲ-ਯੂ ਦੇ ਸ਼ਰਦ ਯਾਦਵ ਦਾ ਸਾਥ ਵੀ ਮਿਲਿਆ। ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ ਬ੍ਰਾਇਨ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਜਦਕਿ ਸ਼ਰਦ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਜਵਾਬ ਦੇਣਾ ਹੋਵੇਗਾ ਕਿ ਦੋ ਕਿਸਮ ਦੇ ਕਰੰਸੀ ਨੋਟ ਕਿਉਂ ਛਾਪੇ।
ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਕਿ ਇਹ ਦੇਸ਼ ਦੀ ਕਰੰਸੀ ਦੀ ਭਰੋਸੇਯੋਗਤਾ ਦਾ ਸਵਾਲ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਵਿਰੋਧੀ ਧਿਰ ਬਗ਼ੈਰ ਨੋਟਿਸ ਦਿਤੇ ਨਿਤ ਨਵਾਂ ਮੁੱਦਾ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਕੋਈ ਕਾਗਜ਼ ਲਹਿਰਾਅ ਕੇ ਸਰਕਾਰੀ ਪ੍ਰਬੰਧਾਂ ਬਾਰੇ ਸਵਾਲ ਉਠਾਏ। ਜੇਤਲੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਰਾਜ ਸਭਾ ਵਿਚ 'ਨੋਟਾ' ਦਾ ਮੁੱਦਾ ਉਠਾਇਆ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਪ੍ਰਬੰਧ ਉਨ੍ਹਾਂ ਦੀ ਸਰਕਾਰ ਵੇਲੇ ਕੀਤਾ ਗਿਆ।
ਦੁਪਹਿਰ ਦੇ ਖਾਣ ਤੋਂ ਬਾਅਦ ਵੀ ਸਦਨ ਵਿਚ ਹੰਗਾਮਾ ਜਾਰੀ ਰਹਿਣ ਕਾਰਨ ਪੀ.ਜੇ. ਕੁਰੀਅਨ ਨੇ ਬਾਅਦ ਦੁਪਹਿਰ 2.30 ਵਜੇ ਬੈਠਕ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ। (ਏਜੰਸੀ)