ਜੋ ਸਪਾ ਛੱਡ ਕੇ ਜਾਣਾ ਚਾਹੁੰਦੇ ਹਨ, ਬਗ਼ੈਰ ਕੋਈ ਬਹਾਨਾ ਬਣਾਏ ਚਲੇ ਜਾਣ : ਅਖਿਲੇਸ਼ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅਪਣੇ ਤਿੰਨ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਅੱਜ ਕਿਹਾ ਕਿ ਜਿਹੜੇ ਸਾਥੀਆਂ ਨੇ ਜਾਣਾ ਹੈ, ਉਹ ਬਗ਼ੈਰ ਕੋਈ ਬਹਾਨਾ

Akhilesh Yadav

ਲਖਨਊ, 7 ਅਗੱਸਤ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅਪਣੇ ਤਿੰਨ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਅੱਜ ਕਿਹਾ ਕਿ ਜਿਹੜੇ ਸਾਥੀਆਂ ਨੇ ਜਾਣਾ ਹੈ, ਉਹ ਬਗ਼ੈਰ ਕੋਈ ਬਹਾਨਾ ਬਣਾਏ ਜਾ ਸਕਦੇ ਹਨ ਤਾਕਿ ਮੈਨੂੰ ਵੀ ਪਤਾ ਲੱਗ ਸਕੇ ਕਿ ਮਾੜੇ ਵਕਤ ਵਿਚ ਕਿੰਨੇ ਲੋਕ ਮੇਰੇ ਨਾਲ ਖੜੇ ਹਨ।
ਅਖਿਲੇਸ਼ ਨੇ ਪਾਰਟੀ ਮੁੱਖ ਦਫ਼ਤਰ ਵਿਚ ਵਰਕਾਂ ਨਾਲ ਗੱਲਬਾਤ ਕਰਦਿਆਂ ਕਿਹਾ, ਲੋਕ ਬਹਾਨਾ ਬਣਾ ਰਹੇ ਹਨ ਕਿ ਸਪਾ ਵਿਚ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ। ਪਾਰਟੀ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਪਾਰਟੀ ਵਿਚੋਂ ਬਾਹਰ ਜਾਣ ਲਈ ਇਧਰ-ਉਧਰ ਦੀਆਂ ਗੱਲਾਂ ਨਾ ਕੀਤੀਆਂ ਜਾਣ ਸਗੋਂ ਕੋਈ ਮਜ਼ਬੂਤ ਬਹਾਨਾ ਲੱਭੋ।''
ਉਨ੍ਹਾਂ ਕਿਹਾ, ''ਸਾਡੀ ਪਾਰਟੀ ਚੱਲ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ, ਨੌਜਵਾਨ ਅਤੇ ਕਿਸਾਨ ਪਾਰਟੀ ਦੇ ਮੈਂਬਰ ਬਣੇ ਹਨ। ਇਸ ਵੇਲੇ ਅਸੀ ਤਾਂ ਸਿਰਫ਼ ਏਨਾ ਆਖ ਸਕਦੇ ਹਾਂ ਕਿ ਜਿਹੜੇ ਸਾਥੀਆਂ ਨੇ ਜਾਣਾ ਹੈ, ਉਹ ਕੋਈ ਬਹਾਨਾ ਨਾ ਬਣਾਉਣ... ਬਸ ਚਲੇ ਜਾਣ।'' ਅਖਿਲੇਸ਼ ਨੇ ਇਹ ਗੱਲਾਂ ਭੁਕਲ ਨਵਾਬ ਦਾ ਜ਼ਿਕਰ ਕਰਦਿਆਂ ਆਖੀਆਂ ਜਿਸ ਦੇ ਅਗਵਾਈ ਹੇਠ ਸਪਾ ਦੇ ਤਿੰਨ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਏ ਸਨ।
ਅਖਿਲੇਸ਼ ਨੇ ਕਿਹਾ, ''ਪਤਾ ਲੱਗਾ ਹੈ ਕਿ ਕਿਸੇ ਜ਼ਮੀਨ ਦਾ ਮਾਮਲਾ ਸੀ ਅਤੇ ਕਾਗਜ਼ਾਤ ਦੇ ਮੁੱਦੇ 'ਤੇ ਉਨ੍ਹਾਂ (ਨਵਾਬ) 'ਤੇ ਦਬਾਅ ਬਣਾਇਆ ਗਿਆ।'' ਤਨਜ਼ ਭਰੇ ਲਹਿਜ਼ੇ ਵਿਚ ਉਨ੍ਹਾਂ ਕਿਹਾ, ''ਭਾਜਪਾ ਵਾਲੇ ਚੰਗਾ ਕੰਮ ਕਰ ਰਹੇ ਹਨ, ਜਦੋਂ ਕੋਈ ਉਨ੍ਹਾਂ ਤੋਂ ਦੂਰ ਹੁੰਦਾ ਹੈ ਤਾਂ ਉਸ ਨੂੰ ਭੂਮਾਫ਼ੀਆ ਦਸਦੇ ਹਨ ਪਰ ਜਦੋਂ ਕੋਈ ਉਨ੍ਹਾਂ ਨਾਲ ਜੁੜ ਜਾਂਦਾ ਹੈ ਤਾਂ ਸ਼ਰੀਫ਼ ਅਤੇ ਈਮਾਨਦਾਰ ਬਣ ਜਾਂਦਾ ਹੈ।'' (ਪੀਟੀਆਈ)