ਕਰਨਾਟਕ 'ਚ 12 ਮਈ ਨੂੰ ਇਕੋ ਪੜਾਅ 'ਚ ਹੋਵੇਗੀ ਵੋਟਿੰਗ, ਚੋਣ ਜ਼ਾਬਤਾ ਲਾਗੂ
ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਕਰਨਾਟਕ ਵਿਚ 12 ਮਈ ਵੋਟਿੰਗ ਹੋਵੇਗੀ ਜਦਕਿ 15 ਮਈ ਨੂੰ ਵੋਟਾਂ ਦੀ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਕਰਨਾਟਕ ਵਿਚ 12 ਮਈ ਵੋਟਿੰਗ ਹੋਵੇਗੀ ਜਦਕਿ 15 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਅਨੁਸਾਰ ਇਹ ਚੋਣਾਂ ਇਕ ਹੀ ਪੜਾਅ ਵਿਚ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਕਰਨਾਟਕ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਕਰਨਾਟਕ ਦੇ ਸਾਰੇ 56 ਹਜ਼ਾਰ ਬੂਥਾਂ 'ਤੇ ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਅਪਾਹਜਾਂ ਲਈ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਚੋਣ ਕਮਿਸ਼ਨ ਨੇ ਆਖਿਆ ਕਿ ਚੋਣ ਖ਼ਰਚ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਅਤੇ ਬਿਨਾਂ ਦਸਤਾਵੇਜ਼ਾਂ ਦੇ ਫੜੀ ਗਈ ਵੱਡੀ ਰਕਮ ਨੂੰ ਜ਼ਬਤ ਕਰ ਲਿਆ ਜਾਵੇਗਾ।
ਕਰਨਾਟਕ ਚੋਣਾਂ ਤੋਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਨੇ ਕਮਰ ਕੱਸੀ ਹੋਈ ਹੈ। ਕਰਨਾਟਕ ਵਿਚ ਮੌਜੂਦਾ ਕਾਂਗਰਸ ਦੀ ਸਿਧਰਮਈਆ ਸਰਕਾਰ ਦਾ ਕਾਰਜਕਾਲ 28 ਮਈ ਨੂੰ ਪੂਰਾ ਹੋ ਰਿਹਾ ਹੈ। ਕਰਨਾਟਕ ਦੀਆਂ 225 ਵਿਧਾਨ ਸਭਾ ਸੀਟਾਂ 'ਤੇ 224 ਲਈ ਚੋਣਾਂ ਹੋਣੀਆਂ ਹਨ ਜਦਕਿ ਇਕ ਸੀਟ 'ਤੇ ਐਂਗਲੋ-ਇੰਡੀਅਨ ਸਮਾਜ ਤੋਂ ਮੈਂਬਰ ਨਾਜ਼ਮਦ ਹੋਵੇਗਾ। ਕਰਨਾਟਕ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਭਾਜਪਾ ਦੇ ਵਿਚਕਾਰ ਸਿੱਧੀ ਟੱਕਰ ਹੈ। ਦੋਵੇਂ ਹੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਇਨ੍ਹੀਂ ਦਿਨੀਂ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਲੱਗੇ ਹੋਏ ਹਨ। ਦੋਵੇਂ ਪਾਰਟੀਆਂ ਲੰਗਾਇਤ ਫਿ਼ਰਕੇ ਦੇ ਲੋਕਾਂ ਨੂੰ ਅਪਣੇ ਨਾਲ ਜੋੜਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀਆਂ ਹਨ।
ਦਸ ਦਈਏ ਕਿ ਸੂਬੇ ਵਿਚ 12 ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਲੰਗਾਇਤ ਫਿ਼ਰਕੇ ਦੇ ਲੋਕਾਂ ਦੀ ਬਹੁਗਿਣਤੀ ਹੈ। ਇਨ੍ਹਾਂ ਸੀਟਾਂ ਨੂੰ ਕਿੰਗ ਮੇਕਰ ਸੀਟਾਂ ਵੀ ਕਿਹਾ ਜਾਂਦਾ ਹੈ। ਇਸੇ ਕਰਕੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੀਤੇ ਦਿਨ ਇਕ ਮਸ਼ਹੂਰ ਲੰਗਾਇਤ ਸੰਤ ਤੋਂ ਅਸ਼ੀਰਵਾਦ ਵੀ ਲਿਆ ਸੀ ਤੇ ਰਾਹੁਲ ਗਾਂਧੀ ਵੀ ਵਾਰ-ਵਾਰ ਉਨ੍ਹਾਂ ਦੇ ਮੱਠਾਂ ਦਾ ਦੌਰਾ ਕਰ ਰਹੇ ਹਨ। ਕਰਨਾਟਕ ਵਿਚ ਇਸ ਵਾਰ ਮੁੱਖ ਮੁੱਦਾ ਲੰਗਾਇਤ ਅਤੇ ਭ੍ਰਿਸ਼ਟਾਚਾਰ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਸਿੱਧਰਮਈਆ ਸਰਕਾਰ ਅਪਣੀ ਸੀਟ ਬਚਾਉਣ ਲਈ ਉਤਰੇਗੀ, ਉਥੇ ਭਾਜਪਾ ਵੀ ਇਸ ਵਾਰ ਇੱਥੇ ਸੱਤਾ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਤੀਜੇ ਮੋਰਚੇ ਵਜੋਂ ਜੇਡੀਐਸ-ਬੀਐਸਪੀ ਇਕੱਠੇ ਮਿਲ ਕੇ ਦੋਵੇਂ ਪ੍ਰਮੁਖ ਪਾਰਟੀਆਂ ਨੂੰ ਚੁਣੌਤੀ ਦੇਣਗੀਆਂ। ਉਧਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਇਨ੍ਹੀਂ ਦਿਨੀਂ ਲਗਾਤਾਰ ਵਿਧਾਨ ਸਭਾ ਚੋਣ ਪ੍ਰਚਾਰ ਨੂੰ ਲੈ ਕੇ ਕਰਨਾਟਕ ਵਿਚ ਹੀ ਹਨ। ਉਨ੍ਹਾਂ ਦੇ ਦੌਰੇ ਦਾ ਅੱਜ ਦੂਜਾ ਦਿਨ ਹੈ। ਉਹ ਅੱਜ ਸ਼ੰਗੇਰੀ ਸਵਾਮੀ ਅਤੇ ਸ੍ਰੀ ਮੁਰੂਗਾ ਮੱਠ ਦੇ ਦਰਸ਼ਨ ਕਰਨਗੇ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਕਰਨਾਟਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਸੋਮਵਾਰ ਨੂੰ ਹੀ ਜੇਡੀਐਸ ਤੋਂ ਬਗ਼ਾਵਤ ਕਰ ਚੁਕੇ 7 ਸਾਬਕਾ ਵਿਧਾਇਕਾਂ ਨੇ ਕਾਂਗਰਸ 'ਚ ਸ਼ਾਮਲ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਵਾਰ ਭਾਜਪਾ ਅਤੇ ਕਾਂਗਰਸ 'ਚ ਚੋਣਾਂ ਨੂੰ ਲੈ ਕੇ ਸਖ਼ਤ ਟੱਕਰ ਹੈ। ਜਿੱਥੇ ਇਕ ਪਾਸੇ ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ 'ਚ ਕਾਂਗਰਸ ਫਿਰ ਤੋਂ ਸੱਤਾ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਬੀ.ਐਸ. ਯੇਦੀਯੁਰੱਪਾ ਨੂੰ ਸਾਹਮਣੇ ਕਰ ਕੇ ਭਾਜਪਾ ਵੀ ਮੈਦਾਨ 'ਚ ਡਟੀ ਹੋਈ ਹੈ। ਦਸ ਦਈਏ ਕਿ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੀਆਂ ਕੁਲ 224 ਸੀਟਾਂ ਵਿਚੋਂ ਕਾਂਗਰਸ ਨੇ 122 ਜਿੱਤੀਆਂ ਸਨ, ਜਦੋਂ ਕਿ ਭਾਜਪਾ ਨੇ 40 ਅਤੇ ਜੇ.ਡੀ.ਐੱਸ. ਨੇ 40 ਸੀਟਾਂ 'ਤੇ ਕਬਜ਼ਾ ਕੀਤਾ ਸੀ। ਹੁਣ ਇਸ ਵਾਰ ਦੇਖਣਾ ਹੋਵੇਗਾ ਕਿ ਬਾਜ਼ੀ ਕਿਸ ਦੇ ਹੱਥ ਆਉਂਦੀ ਹੈ।