ਮਮਤਾ ਨੇ ਸ਼ੁਰੂ ਕੀਤੀ 'ਭਾਜਪਾ ਭਾਰਤ ਛੱਡੋ' ਮੁਹਿੰਮ
ਪਛਮੀ ਬੰਗਾਲ ਦੀ ਮੁੱਖ ਮਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਾਰੀਆਂ ਵਿਰੋਧੀ
ਮੇਦਨੀਪੁਰ (ਪਛਮੀ ਬੰਗਾਲ), 9 ਅਗੱਸਤ : ਪਛਮੀ ਬੰਗਾਲ ਦੀ ਮੁੱਖ ਮਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਭਾਜਪਾ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਾਹਰ ਦਾ ਰਸਤਾ ਵਿਖਾਉਣ ਲਈ ਕੰਮ ਕਰੇਗੀ।
ਮਮਤਾ ਨੇ 'ਭਾਜਪਾ 2019 'ਚ ਭਾਰਤ ਛੱਡੋ' ਦਾ ਨਾਹਰਾ ਦਿੰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੇਸ਼ ਵਿਚ ਲੋਕਾਂ ਦੇ ਅਧਿਕਾਰ ਖੋਹਣ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਧਰਮਨਿਰਪੱਖਤਾ ਖ਼ਤਰੇ ਵਿਚ ਹੈ। ਉਨ੍ਰਾਂ ਕਿਹਾ, 'ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਲੋਕ ਅਜਿਹਾ ਨਹੀਂ ਹੋਣ ਦੇਵਾਂਗੇ। ਸਾਲ 2019 ਵਿਚ ਸਾਡਾ ਨਾਹਰਾ 'ਭਾਜਪਾ ਭਾਰਤ ਛੱਡੋ' ਹੋਵੇਗਾ। ਅਸੀਂ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਕੰਮ ਕਰਾਂਗੇ ਤਾਕਿ ਅਸੀਂ ਭਾਜਪਾ ਵਿਰੁਧ ਇਕਜੁਟ ਹੋ ਕੇ ਲੜ ਸਕੀਏ।'
ਉਨ੍ਹਾਂ ਕਿਹਾ ਕਿ ਉਹ ਫ਼ਿਰਕਾਪ੍ਰਸਤੀ ਤੇ ਨਫ਼ਰਤ ਦੀ ਰਾਜਨੀਤੀ ਦਾ ਅੰਤ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਦੇ 75 ਸਾਲ ਪੂਰੇ ਹੋਣ ਦੇ ਦਿਨ ਇਹ ਮੁਹਿੰਮ ਸ਼ੁਰੂ ਕੀਤੀ ਹੈ। ਮਮਤਾ ਨੇ ਕਿਹਾ, 'ਅਸੀਂ ਲੜਾਂਗੇ ਅਤੇ ਤਦ ਤਕ ਨਹੀਂ ਰੁਕਾਂਗੇ ਜਦ ਤਕ ਭਾਜਪਾ ਨੂੰ ਸੱਤਾ ਤੋਂ ਬਾਹਰ ਨਾ ਕਰ ਦਈਏ। ਲੋਕਤੰਤਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਜਿੱਤੇਗਾ।'
ਮੁੱਖ ਮੰਤਰੀ ਨੇ ਦੋਸ਼ ਲਾਇਆ, 'ਉਹ ਸਾਨੂੰ ਈਡੀ, ਆਮਦਲ ਅਤੇ ਸੀਬੀਆਈ ਰਾਹੀਂ ਡਰਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਅਸੀਂ ਇਸ ਤੋਂ ਨਹੀਂ ਡਰਾਂਗੇ।' ਮਮਤਾ ਨੇ ਕਿਹਾ ਕਿ ਕੇਂਦਰ ਸਰਕਾਰ ਏਜੰਸੀਆਂ ਦੀ, ਏਜੰਸੀਆਂ ਦੁਆਰਾ ਅਤੇ ਏਜੰਸੀਆਂ ਲਈ ਸਰਕਾਰ 'ਚ ਤਬਦੀਲ ਹੋ ਗਈ ਹੈ। (ਏਜੰਸੀ)