ਸੀ.ਬੀ.ਆਈ. ਜਾਂਚ ਲਈ ਜਨਹਿਤ ਪਟੀਸ਼ਨ ਦਾਖ਼ਲ ਕਰਨਗੇ ਸੁਬਰਾਮਣੀਅਮ
ਆਈ.ਏ.ਐਸ. ਅਫ਼ਸਰ ਦੀ ਬੇਟੀ ਨਾਲ ਛੇੜਛਾੜ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ 'ਤੇ ਢਿਲ-ਮੱਠ ਵਰਤਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ..
ਨਵੀਂ ਦਿੱਲੀ, 7 ਅਗੱਸਤ : ਆਈ.ਏ.ਐਸ. ਅਫ਼ਸਰ ਦੀ ਬੇਟੀ ਨਾਲ ਛੇੜਛਾੜ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ 'ਤੇ ਢਿਲ-ਮੱਠ ਵਰਤਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਅੱਜ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਖ਼ਲ ਕਰ ਕੇ ਅਦਾਲਤ ਦੀ ਨਿਗਰਾਨੀ ਹੇਠ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੀ ਮੰਗ ਕਰਨਗੇ।
ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਬਰਾਲਾ ਦਾ ਬੇਟਾ ਵਿਕਾਸ ਬਰਾਲਾ ਮਾਮਲੇ ਦਾ ਮੁੱਖ ਮੁਲਜ਼ਮ ਹੈ। ਸਵਾਮੀ ਨੇ ਟਵੀਟ ਕੀਤਾ, ''ਦੋ ਸ਼ਰਾਬੀ ਬਦਮਾਸ਼ਾਂ ਵਲੋਂ ਇਕ ਆਈ.ਐਸ.ਐਸ. ਅਫ਼ਸਰ ਦੀ ਬੇਟੀ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅਪਣੇ ਸਾਥੀ ਵਕੀਲ ਏ.ਪੀ. ਜੱਗਾ ਨਾਲ ਮੈਂ ਚੰਡੀਗੜ੍ਹ ਵਿਚ ਜਨਹਿਤ ਪਟੀਸ਼ਨ ਦਾਖ਼ਲ ਕਰਾਂਗਾ।''
ਇਹ ਪੁੱਛੇ ਜਾਣ 'ਤੇ ਕਿ ਜਨਹਿਤ ਪਟੀਸ਼ਨ ਦਾਖ਼ਲ ਕਰਨ ਲਈ ਕਿਸੇ ਘਟਨਾ ਨੇ ਉਨ੍ਹਾਂ ਦਾ ਧਿਆਨ ਆਕਰਸ਼ਤ ਕੀਤਾ, ਸਵਾਮੀ ਨੇ ਕਿਹਾ, ''ਅਜਿਹਾ ਜਾਪਦਾ ਹੈ ਕਿ ਚੰਡੀਗੜ੍ਹ ਪੁਲਿਸ ਇਸ ਮਾਮਲੇ ਵਿਚ ਆਜ਼ਾਦ ਅਤੇ ਨਿਰਪੱਖ ਜਾਂਚ ਕਰਨ ਦੀ ਹਾਲਤ ਵਿਚ ਨਹੀਂ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਨੇ ਪਹਿਲਾਂ ਹੀ ਮੁਲਜ਼ਮ ਵਿਰੁਧ ਹਲਕੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਅਤੇ ਫਿਰ ਸਾਰਿਆਂ ਨੂੰ ਰੰਗੇ ਹੱਥੀਂ ਕਾਬੂ ਕਰਨ ਦੇ ਬਾਵਜੂਦ ਰਿਹਾਅ ਕਰ ਦਿਤਾ।
ਰਾਜ ਸਭਾ ਮੈਂਬਰ ਨੇ ਕਿਹਾ, ''ਇਸ ਮਾਮਲੇ ਦੀ ਅਦਾਲਤ ਵਲੋਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਮਾਮਲਾ ਸੀ.ਬੀ.ਆਈ. ਦੇ ਸਪੁਰਦ ਕੀਤਾ ਜਾਣਾ ਚਾਹੀਦਾ ਹੈ। ਐਸ.ਆਈ.ਟੀ. ਰਾਹੀਂ ਵੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਕਿਸੇ ਹੋਰ ਏਜੰਸੀ ਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ।'' (ਪੀਟੀਆਈ)