ਰਾਖਵਾਂਕਰਨ ਲਈ ਹਜ਼ਾਰਾਂ ਮਰਾਠੇ ਸੜਕਾਂ 'ਤੇ ਉਤਰੇ, ਸਰਕਾਰ ਨੇ ਮੰਗ ਮੰਨੀ
ਮਹਾਰਾਸ਼ਟਰ ਵਿਚ ਰਾਖਵਾਂਕਰਨ ਲਈ ਮਰਾਠਾ ਕ੍ਰਾਂਤੀ ਮੋਰਚਾ ਦੇ ਕਾਰਕੁਨਾਂ ਦਾ ਅੱਜ ਸੜਕਾਂ 'ਤੇ ਹੜ੍ਹ ਆ ਗਿਆ। ਹਜ਼ਾਰਾਂ ਮਰਾਠੇ ਸੜਕਾਂ 'ਤੇ ਉਤਰ ਆਏ।
ਮੁੰਬਈ, 9 ਅਗੱਸਤ : ਮਹਾਰਾਸ਼ਟਰ ਵਿਚ ਰਾਖਵਾਂਕਰਨ ਲਈ ਮਰਾਠਾ ਕ੍ਰਾਂਤੀ ਮੋਰਚਾ ਦੇ ਕਾਰਕੁਨਾਂ ਦਾ ਅੱਜ ਸੜਕਾਂ 'ਤੇ ਹੜ੍ਹ ਆ ਗਿਆ। ਹਜ਼ਾਰਾਂ ਮਰਾਠੇ ਸੜਕਾਂ 'ਤੇ ਉਤਰ ਆਏ। ਮੁੰਬਈ ਵਿਚ ਬਾਇਖਲਾ ਤੋਂ ਲੈ ਕੇ ਆਜ਼ਾਦ ਮੈਦਾਨ ਤਕ ਸਾਰੀਆਂ ਸੜਕਾਂ ਅੰਦੋਲਨਕਾਰੀਆਂ ਨਾਲ ਭਰ ਗਈਆਂ। ਅੰਦੋਲਨਕਾਰੀਆਂ ਨੇ ਮੰਗ ਪੂਰੀ ਨਾ ਹੋਣ ਤਕ ਮੁੰਬਈ ਨਾ ਛੱਡਣ ਦੀ ਚਿਤਾਵਨੀ ਦਿਤੀ।
ਉਧਰ, ਅੰਦੋਲਨਕਾਰੀਆਂ ਦੇ ਰੋਹ ਨੂੰ ਵੇਖਦਿਆਂ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਭਰੋਸਾ ਦਿਵਾਇਆ ਕਿ ਮਰਾਠਿਆਂ ਨੂੰ ਸਿਖਿਆ ਸੰਸਥਾਵਾਂ 'ਚ ਓਬੀਸੀ ਕੋਟੇ ਤਹਿਤ ਰਾਖਵਾਂਕਰਨ ਦਿਤਾ ਜਾਵੇਗਾ ਹਾਲਾਂਕਿ ਉਨ੍ਹਾਂ ਕਿਹਾ ਕਿ ਆਰਥਕ ਤੌਰ 'ਤੇ ਕਮਜ਼ੋਰ ਤਬਕੇ ਨੂੰ ਹੀ ਇਹ ਰਾਖਵਾਂਕਰਨ ਦਿਤੇ ਜਾਣ ਦੀ ਤਜਵੀਜ਼ ਹੈ।
ਸਰਕਾਰ ਨੇ 605 ਪ੍ਰੋਗਰਾਮਾਂ ਵਿਚ ਰਾਖਵਾਂਕਰਨ ਦੇਣ ਦਾ ਭਰੋਸਾ ਦਿਤਾ ਹੈ ਹਾਲਾਂਕਿ ਮੁਕੰਮਲ ਰਾਖਵਾਂਕਰਨ ਦਾ ਵਾਅਦਾ ਸਰਕਾਰ ਨੇ ਨਹੀਂ ਕੀਤਾ। ਸਰਕਾਰ ਨੇ ਅਜਿਹੇ ਤਬਕਿਆਂ ਦੇ ਵਿਦਿਆਰਥੀਆਂ ਵਾਸਤੇ ਹੋਸਟਲ ਨਿਰਮਾਣ ਵਿਚ ਵੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਸਰਕਾਰ ਨੇ ਹੋਸਟਲ ਲਈ 450 ਕਰੋੜ ਰੁਪਏ ਦੀ ਰਕਮ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਹੋਸਟਲ ਹਰ ਜ਼ਿਲ੍ਹੇ ਵਿਚ ਬਣਾਏ ਜਾਣਗੇ। ਨਾਲ ਹੀ ਨੌਜਵਾਨਾਂ ਨੂੰ ਅਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਦਾ ਕਰਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਰਕਾਰ ਨੇ ਇਹ ਮਾਮਲਾ ਬੈਕਵਰਡ ਕਲਾਸ ਕਮਿਸ਼ਨ ਨੂੰ ਭੇਜ ਦਿਤਾ ਹੈ। ਅੰਦੋਲਨ ਕਾਰਨ ਮੁੰਬਈ ਵਿਚ ਕਈ ਥਾਵਾਂ 'ਤੇ ਭਾਰੀ ਜਾਮ ਲੱਗ ਗਏ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟਰੈਫ਼ਿਕ ਪੁਲਿਸ ਨੇ ਬਦਲਵੇਂ ਰਾਹ 'ਤੇ ਟਰੈਫ਼ਿਕ ਚਲਾਈ ਪਰ ਫਿਰ ਵੀ ਕਈ ਸੜਕਾਂ 'ਤੇ ਲੰਮੇ ਲੰਮੇ ਜਾਮ ਲੱਗੇ ਰਹੇ। (ਏਜੰਸੀ)