ਦੋ ਪ੍ਰਕਾਰ ਦੇ ਨੋਟਾਂ ਦੇ ਮਾਮਲੇ ਕਾਰਨ ਹੰਗਾਮਾ
ਨੋਟਾਂ ਦੀ ਛਪਾਈ ਦੇ ਮੁੱਦੇ 'ਤੇ ਪਹਿਲਾਂ ਚਰਚਾ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਕਾਰਨ ਅੱਜ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਕਾਰ ਰਾਜ ਸਭਾ ਵਿਚ ਤਿੱਖੀ ਬਹਿਸ ਹੋਈ।
ਨਵੀਂ ਦਿੱਲੀ, 9 ਅਗੱਸਤ : ਨੋਟਾਂ ਦੀ ਛਪਾਈ ਦੇ ਮੁੱਦੇ 'ਤੇ ਪਹਿਲਾਂ ਚਰਚਾ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਕਾਰਨ ਅੱਜ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਕਾਰ ਰਾਜ ਸਭਾ ਵਿਚ ਤਿੱਖੀ ਬਹਿਸ ਹੋਈ। ਨਾਹਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਰੋਕ ਦਿਤੀ ਗਈ।
ਕਾਂਗਰਸ ਨੇ 500 ਅਤੇ 2000 ਰੁਪਏ ਦੇ ਨੋਟਾਂ ਦੇ ਆਕਾਰ ਵਿਚ ਫ਼ਰਕ ਦਾ ਮਾਮਲਾ ਅੱਜ ਇਕ ਵਾਰ ਫਿਰ ਚੁਕਿਆ ਅਤੇ ਇਸ ਨੂੰ ਦੇਸ਼ ਦੀ ਕਰੰਸੀ ਦੀ ਭਰੋਸੇਯੋਗਤਾ ਨਾਲ ਜੁੜਿਆ ਗੰਭੀਰ ਮੁੱਦਾ ਦਸਦਿਆਂ ਪਹਿਲਾਂ ਚਰਚਾ ਕਰਾਉਣ ਦੀ ਮੰਗ ਕੀਤੀ। ਸਰਕਾਰ ਨੇ ਕਾਂਗਰਸ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਅੱਜ ਦੀ ਕਾਰਜਸੂਚੀ ਵਿਚ ਦਰਜ ਬਿਲਾਂ ਦੇ ਪਾਸ ਕੀਤੇ ਜਾਣ ਤੋਂ ਬਾਅਦ ਉਹ ਚਰਚਾ ਲਈ ਤਿਆਰ ਹੈ ਪਰ ਕਾਂਗਰਸ ਨੇ ਬਿਲ ਪਾਸੇ ਕੀਤੇ ਜਾਣ ਤੋਂ ਪਹਿਲਾਂ ਚਰਚਾ ਕਰਨ ਦੀ ਮੰਗ ਰੱਖੀ। ਇਸ 'ਤੇ ਸਦਨ ਵਿਚ ਹੰਗਾਮਾ ਹੋ ਗਿਆ ਜਿਸ ਕਾਰਨ ਦੁਪਹਿਰ ਤੋਂ ਬਾਅਦ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਰੋਕ ਦਿਤੀ ਗਈ। ਵਿਚ-ਵਿਚਾਲੇ ਵੀ ਕਾਰਵਾਈ ਰੋਕਣੀ ਪਈ। ਸਦਨ ਵਿਚ 'ਭਾਰਤ ਛੱਡੋ ਅੰਦੋਲਨ' ਦੇ 75 ਸਾਲ ਪੂਰੇ ਹੋਣ 'ਤੇ ਵੀ ਵਿਸ਼ੇਸ਼ ਚਰਚਾ ਹੋਈ। ਕਾਂਗਰਸ ਦੇ ਕਪਿਲ ਸਿੱਬਲ ਨੇ ਅੱਜ ਫਿਰ ਨੋਟਾਂ ਦੇ ਆਕਾਰ ਦਾ ਮਾਮਲਾ ਚੁਕਿਆ। ਉਨ੍ਹਾਂ ਚਰਚਾ ਕਰਾਉਣ ਲਈ ਨੋਟਿਸ ਦਿਤਾ ਪਰ ਉਪ ਸਭਾਪਤੀ ਪੀ ਜੇ
ਕੁਰੀਅਨ ਨੇ ਨੋਟਿਸ ਨੂੰ ਪ੍ਰਵਾਨ ਨਾ ਕਰਦਿਆਂ ਕਿਸੇ ਹੋਰ ਨਿਯਮ ਤਹਿਤ ਨੋਟਿਸ ਦੇਣ ਲਈ ਕਿਹਾ। ਕਾਂਗਰਸ ਦੇ ਪ੍ਰਮੋਦ ਤਿਵਾੜੀ ਸਮੇਤ ਕਈ ਹੋਰ ਆਗੂਆਂ ਨੇ ਵੀ ਨੋਟਾਂ ਦੇ ਆਕਾਰ ਨਾਲ ਜੁੜਿਆ ਮਾਮਲਾ ਚੁੱਕਣ ਦਾ ਯਤਨ ਕੀਤਾ।
ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਕਈ ਮੈਂਬਰ ਚੇਅਰਮੈਨ ਦੀ ਕੁਰਸੀ ਸਾਹਮਣੇ ਆ ਕੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਨ ਲੱਗੇ। ਹੰਗਾਮੇ ਵਿਚਕਾਰ ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਕਿ ਸੰਸਦ ਦੇ ਇਸ ਇਜਲਾਸ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਸਦਨ ਵਿਚ ਹੰਗਾਮੇ ਨੂੰ ਵੇਖਦਿਆਂ ਕੁਰੀਅਨ ਨੇ 2.37 ਮਿੰਟ 'ਤੇ 15 ਮਿੰਟ ਲਈ ਕਾਰਵਾਈ ਰੋਕ ਦਿਤੀ। ਬੈਠਕ ਫਿਰ ਸ਼ੁਰੂ ਹੋਣ 'ਤੇ ਕੁਮਾਰੀ ਸ਼ੈਲਜਾ ਨੇ ਚੰਡੀਗੜ੍ਹ ਵਿਚ ਕੁੜੀ ਦਾ ਪਿੱਛਾ ਕਰਨ ਦਾ ਮਾਮਲਾ ਚੁੱਕਣ ਦਾ ਯਤਨ ਕੀਤਾ ਅਤੇ ਗ੍ਰਹਿ ਮੰਤਰੀ ਦੇ ਬਿਆਨ ਦੀ ਮੰਗ ਕੀਤੀ। ਆਨੰਦ ਸ਼ਰਮਾ ਸਮੇਤ ਕਈ ਹੋਰ ਮੈਂਬਰਾਂ ਨੇ ਵੀ ਇਹ ਮਾਮਲਾ ਚੁੱਕਣ ਦੀ ਕੋਸ਼ਿਸ਼ ਕੀਤੀ। ਸੰਸਦੀ ਕਾਰਜ ਰਾਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਭਰੋਸਾ ਦਿਤਾ ਕਿ ਅਪਰਾਧੀ ਵਿਰੁਧ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਾਂਗਰਸ ਦੀ ਸਰਕਾਰ ਨਹੀਂ ਹੈ। ਜਿਹੜਾ ਵੀ ਅਪਰਾਧੀ ਹੋਵੇਗਾ, ਉਸ ਵਿਰੁਧ ਯੋਗ ਕਾਰਵਾਈ ਹੋਵੇਗੀ। (ਏਜੰਸੀ)