ਯਸ਼ਵੰਤ ਸਿਨ੍ਹਾ ਨੇ ਸੰਸਦ 'ਚ ਘਿਰੀ ਮੋਦੀ ਸਰਕਾਰ ਨੂੰ ਯਾਦ ਕਰਵਾਇਆ 'ਵਾਜਪਾਈ ਫ਼ਾਰਮੂਲਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਨੇਤਾ ਯਸ਼ਵੰਤ ਸਿਨ੍ਹਾ ਨੇ ਅਪਣੀ ਹੀ ਪਾਰਟੀ ਦੇ ਕਾਰਜਕਾਲ ਦੌਰਾਨ ਸੰਸਦ ਵਿਚ ਹੋ ਰਹੇ ਸ਼ੋਰ ਸ਼ਰਾਬੇ 'ਤੇ ਬੋਲਦਿਆਂ ਆਖਿਆ

Yashwant Sinha Compare Modi Govt and Vajpayee Govt

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਨੇਤਾ ਯਸ਼ਵੰਤ ਸਿਨ੍ਹਾ ਨੇ ਅਪਣੀ ਹੀ ਪਾਰਟੀ ਦੇ ਕਾਰਜਕਾਲ ਦੌਰਾਨ ਸੰਸਦ ਵਿਚ ਹੋ ਰਹੇ ਸ਼ੋਰ ਸ਼ਰਾਬੇ 'ਤੇ ਬੋਲਦਿਆਂ ਆਖਿਆ ਹੈ ਕਿ ਮੈਂ ਇਸ ਸੰਸਦ ਦੀ ਤੁਲਨਾ ਮਹਾਨ ਲੋਕਤੰਤਰਿਕ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੇਲੇ ਦੀ ਸੰਸਦ ਨਾਲ ਕਰਨਾ ਚਾਹੁੰਦਾ ਹਾਂ। ਉਸ ਵੇਲੇ ਵੀ ਸੰਸਦ ਵਿਚ ਲੰਬੇ ਸਮੇਂ ਤਕ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਸਨ, ਵਿਰੋਧੀ ਧਿਰ ਵਾਰ-ਵਾਰ ਸੰਸਦ ਦੇ ਕੰਮ ਨੂੰ ਰੁਕਵਾ ਦਿੰਦੀ ਸੀ ਪਰ ਉਸ ਵੇਲੇ ਦੇ ਸੀਨੀਅਰ ਮੰਤਰੀ ਅਤੇ ਜ਼ਿੰਮੇਵਾਰ ਲੋਕ ਇਸ ਦਾ ਹੱਲ ਕੱਢ ਹੀ ਲੈਂਦੇ ਸਨ। 

ਉਨ੍ਹਾਂ ਇੱਥੇ 2003 ਦੀ ਇਕ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਅਮਰੀਕਾ ਨੇ ਇਰਾਕ 'ਤੇ ਹਮਲਾ ਕੀਤਾ ਤਾਂ ਭਾਰਤ ਨੇ ਉਸ ਵੇਲੇ ਅਮਰੀਕਾ ਦੀ ਮਦਦ ਕੀਤੀ। ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸੰਸਦ ਵਿਚ ਕਾਫ਼ੀ ਹੰਗਾਮਾ ਖੜ੍ਹਾ ਕਰ ਦਿਤਾ ਸੀ। ਜਦੋਂ ਛੁੱਟੀ ਤੋਂ ਬਾਅਦ 7 ਅਪ੍ਰੈਲ 2003 ਨੂੰ ਸੰਸਦ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਇਆ ਤਾਂ ਵਿਰੋਧੀ ਪਾਰਟੀਆਂ ਨੇ ਨਿੰਦਾ ਪ੍ਰਸਤਾਵ ਪੇਸ਼ ਕਰਕੇ ਇਸ ਨੂੰ ਪਾਸ ਕਰਨ ਦੀ ਮੰਗ ਕੀਤੀ।

ਉਸ ਵੇਲੇ ਸੰਸਦੀ ਕਾਰਜ ਮੰਤਰੀ ਸੁਸ਼ਮਾ ਸਵਰਾਜ ਸਨ ਅਤੇ ਉਹ ਖ਼ੁਦ ਵਿਦੇਸ਼ ਮੰਤਰੀ ਸਨ ਅਤੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਅਮਰੀਕੀ ਹਮਲੇ ਦੀ ਨਿੰਦਾ ਕੀਤੀ ਸੀ ਪਰ ਇਸ ਦੇ ਬਾਵਜੂਦ ਸੰਸਦ ਵਿਚ ਹੰਗਾਮਾ ਨਹੀਂ ਸੀ ਰੁਕਿਆ। 

ਇਸ ਤੋਂ ਬਾਅਦ ਫਿਰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸੁਸ਼ਮਾ ਸਵਰਾਜ ਅਤੇ ਮੇਰੇ ਨਾਲ ਮੁਲਾਕਾਤ ਕੀਤੀ ਸੀ। ਤਤਕਾਲੀਨ ਪ੍ਰਧਾਨ ਮੰਤਰੀ ਨੇ ਸਾਨੂੰ ਰਾਜ ਧਰਮ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਸੀ ਕਿ ਸੰਸਦ ਸੁਚਾਰੂ ਰੂਪ ਨਾਲ ਚੱਲੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰਾਜ ਧਰਮ ਨਿਭਾਉਂਦੇ ਹੋਏ ਖ਼ੁਦ ਵਿਰੋਧੀ ਧਿਰਾਂ ਨਾਲ ਗੱਲਬਾਤ ਦਾ ਰਸਤਾ ਕੱਢਣਾ ਚਾਹੀਦਾ ਹੈ।

ਦਸਣਯੋਗ ਹੈ ਕਿ ਅੱਜਕੱਲ੍ਹ ਵਿਰੋਧੀ ਧਿਰਾਂ ਮੋਦੀ ਸਰਕਾਰ 'ਤੇ ਕੁੱਝ ਜ਼ਿਆਦਾ ਹੀ ਹਾਵੀ ਹੋਈਆਂ ਪਈਆਂ ਹਨ। ਕਈ ਪਾਰਟੀਆਂ ਵਲੋਂ ਤਾਂ ਮਿਲ ਕੇ ਭਾਜਪਾ ਸਰਕਾਰ ਵਿਰੁਧ ਬੇਭਰੋਸਗੀ ਮਤਾ ਪੇਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ।