ਦੇਸ਼ ‘ਚ ਕੋਰੋਨਾ ਕਾਰਨ 18ਵੀਂ ਮੌਤ, ਮਾਮਲਿਆਂ ਦੀ ਗਿਣਤੀ 724 ਤੱਕ ਪਹੁੰਚੀ
ਭਾਰਤ ਕੋਰੋਨਾ ਵਾਇਰਸ ਨਾਲ ਜੰਗੀ ਪੱਧਰ ਦੀ ਲੜਾਈ ਲੜ ਰਿਹਾ ਹੈ। ਸ਼ੁੱਕਰਵਾਰ 21 ਦਿਨਾਂ ਦੇ ਤਾਲਾਬੰਦ ਹੋਣ ਦਾ ਤੀਜਾ ਦਿਨ ਹੈ।
ਨਵੀਂ ਦਿੱਲੀ: ਭਾਰਤ ਕੋਰੋਨਾ ਵਾਇਰਸ ਨਾਲ ਜੰਗੀ ਪੱਧਰ ਦੀ ਲੜਾਈ ਲੜ ਰਿਹਾ ਹੈ। ਸ਼ੁੱਕਰਵਾਰ 21 ਦਿਨਾਂ ਦੇ ਤਾਲਾਬੰਦ ਹੋਣ ਦਾ ਤੀਜਾ ਦਿਨ ਹੈ। ਸੰਕਰਮਿਤ ਮਰੀਜ਼ਾਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਤਕਰੀਬਨ 724 ਮਾਮਲੇ ਹੋਏ ਹਨ, ਇਸ ਦੇ ਨਾਲ ਹੀ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੱਥ ਦੇ ਬਾਵਜੂਦ ਕਿ ਭਾਰਤ ਪੂਰੀ ਤਰ੍ਹਾਂ ਬੰਦ ਹੈ, ਕੋਰੋਨਾ ਦੇ ਮਰੀਜ਼ਾਂ ਦੇ ਵੱਧ ਰਹੇ ਅੰਕੜੇ ਚਿੰਤਾਜਨਕ ਹਨ।
ਕਰਨਾਕਾ ਵਿਚ 65 ਸਾਲਾ ਮਰੀਜ਼ ਨੇ ਦਮ ਤੋੜਿਆ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਸਵੇਰੇ ਆਪਣੇ ਅੰਕੜਿਆਂ ਵਿਚ ਦੱਸਿਆ ਸੀ ਕਿ ਮਹਾਰਾਸ਼ਟਰ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਗੁਜਰਾਤ ਵਿਚ 3 ਲੋਕਾਂ ਦੀ ਮੌਤ ਹੌਈ ਹੈ। ਕਰਨਾਟਕ ਵਿਚ ਅਜੇ ਤਕ 2 ਲੋਕ ਜਾਨ ਗੁਆ ਚੁੱਕੇ ਹਨ ਜਦਕਿ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ ਜਿਸ ਵਿਚ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 66 ਲੋਕ ਜਾਂ ਤਾਂ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਨਫੈਕਟਡ ਲੋਕਾਂ ਵਿਚ 47 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਵਾਇਰਸ ਹਾਲੇ ਦੂਜੇ ਗੇੜ ਵਿਚ ਹੈ ਕਿਉਂਕਿ ਅਜੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਦੱਸ ਦਈਏ ਕਿ ਦੇਸ਼ ਵਿਚ 21 ਦਿਨ ਦਾ ਲੌਕਡਾਊਨ ਹੈ ਅਤੇ ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਗਰੀਬਾਂ, ਬੁਜ਼ੁਰਗਾਂ ਨੂੰ ਰਾਹਤ ਦਿੰਦਿਆਂ 1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ।