ਲਾਕਡਾਊਨ ਨਹੀਂ ਹੈ ਕੋਰੋਨਾ ਦੇ ਵਧਦੇ ਕੇਸਾਂ ਦਾ ਹੱਲ: ਦਿੱਲੀ ਸਿਹਤ ਮੰਤਰੀ ਸਤਿੰਦਰ ਜੈਨ
ਹਸਪਤਾਲਾਂ 'ਚ ਲਗਪਗ 20 ਫੀਸਦੀ ਬੈੱਡ ਹੀ ਇਸਤੇਮਾਲ 'ਚ ਹਨ, ਜਦਕਿ 80 ਫੀਸਦੀ ਬੈੱਡ ਖ਼ਾਲੀ ਹਨ।
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਦਿੱਲੀ ਸਰਕਾਰ ਕੋਰੋਨਾ ਦੇ ਵਧਦੇ ਕੇਸਾਂ ਕਰਕੇ ਸਖ਼ਤ ਕਦਮ ਚੁੱਕ ਰਹੀ ਹੈ। ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1534 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 9 ਮਰੀਜ਼ਾਂ ਦੀ ਮੌਤ ਹੋ ਗਈ। ਇਸ ਵਿਚਕਾਰ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਨੂੰ ਲੈ ਕੇ ਵੱਡਾ ਐਲ਼ਾਨ ਕੀਤਾ ਹੈ। ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿੱਚ, ਸਿਹਤ ਮੰਤਰੀ ਸਤੇਂਦਰ ਜੈਨ ਨੇ ਤਾਲਾਬੰਦੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਲਾਕਡਾਉਨ ਕੋਰੋਨਾ ਵਾਇਰਸ ਦਾ ਹੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ 'ਚ ਵਾਧੇ ਦੇ ਮੱਦੇਨਜ਼ਰ ਅਸੀਂ ਹਰ ਦਿਨ 85,000-90,000 ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਹ ਰਾਸ਼ਟਰੀ ਔਸਤ ਨਾਲ 5 ਫੀਸਦੀ ਜ਼ਿਆਦਾ ਹੈ। ਇਸੇ ਨਾਲ ਟ੍ਰੈਸਿੰਗ ਤੇ ਆਈਸੋਲੇਸ਼ਨ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸਿਹਤ ਮੰਤਰੀ ਸਤਿੰਦਰ ਜੈਨ ਨੇ ਇਹ ਵੀ ਕਿਹਾ ਕਿ ਰਾਜਧਾਨੀ ਦੇ ਹਸਪਤਾਲਾਂ 'ਚ ਠੀਕ ਗਿਣਤੀ 'ਚ ਬੈੱਡ ਹਨ। ਹਸਪਤਾਲਾਂ 'ਚ ਲਗਪਗ 20 ਫੀਸਦੀ ਬੈੱਡ ਹੀ ਇਸਤੇਮਾਲ 'ਚ ਹਨ, ਜਦਕਿ 80 ਫੀਸਦੀ ਬੈੱਡ ਖ਼ਾਲੀ ਹਨ।
ਗੌਰਤਲਬ ਹੈ ਕਿ 161 ਦਿਨਾਂ ਬਾਅਦ ਪਹਿਲੀ ਵਾਰ 62 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਆਏ ਹਨ। ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ 62,258 ਨਵੇਂ ਕੋਰੋਨਾ ਕੇਸ ਆਏ ਤੇ 291 ਲੋਕਾਂ ਦੀ ਜਾਨ ਚਲੇ ਗਈ। ਹਾਲਾਂਕਿ 30,386 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ।