ਕੋਰੋਨਾ ਕਾਰਨ ਉਡਾਣਾਂ ਘਟੀਆਂ ਪਰ 2021 'ਚ ਜਹਾਜ਼ਾਂ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ 'ਚ ਹੋਇਆ ਵਾਧਾ 

ਏਜੰਸੀ

ਖ਼ਬਰਾਂ, ਰਾਸ਼ਟਰੀ

2020 ਦੀ ਤੁਲਨਾ ਵਿਚ 2021 ਦੌਰਾਨ ਪੰਛੀਆਂ ਦੀ ਟੱਕਰ ਦੀਆਂ ਘਟਨਾਵਾਂ 27.25 ਫ਼ੀਸਦੀ ਵਧੀਆਂ 

bird strikes increases in 2021

ਨਵੀਂ ਦਿੱਲੀ : ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਉਡਾਣਾਂ ਦੀ ਸੀਮਤ ਗਿਣਤੀ ਦੇ ਬਾਵਜੂਦ ਭਾਰਤੀ ਹਵਾਈ ਅੱਡਿਆਂ 'ਤੇ ਪੰਛੀਆਂ ਦੇ ਜਹਾਜ਼ਾਂ ਨਾਲ ਟਕਰਾਉਣ ਦੀਆਂ ਘਟਨਾਵਾਂ ਵਧੀਆਂ ਹਨ। ਜਹਾਜ਼ਾਂ ਦੇ ਸੰਚਾਲਨ ਦੇ ਖੇਤਰ ਵਿੱਚ ਜਾਨਵਰਾਂ ਅਤੇ ਪੰਛੀਆਂ ਦੀ ਟੱਕਰ ਨੂੰ ਇੱਕ ਗੰਭੀਰ ਖ਼ਤਰਾ ਮੰਨਿਆ ਜਾਂਦਾ ਹੈ।

ਅਗਸਤ 2019 ਵਿੱਚ, ਸਮੁੰਦਰੀ ਪੰਛੀਆਂ ਦਾ ਝੁੰਡ ਉਰਲ ਏਅਰਲਾਈਨਜ਼ ਦੇ ਮਾਸਕੋ-ਸਿਮਫੇਰੋਪੋਲ ਜਹਾਜ਼ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਨੇ ਖੇਤਾਂ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਨਾਲ 74 ਯਾਤਰੀ ਜ਼ਖਮੀ ਹੋ ਗਏ। ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਸੀਜੀਏ) ਦੇ ਅੰਕੜਿਆਂ ਅਨੁਸਾਰ 2020 ਦੀ ਤੁਲਨਾ ਵਿਚ 2021 ਦੌਰਾਨ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਪੰਛੀਆਂ ਦੀ ਟੱਕਰ ਦੀਆਂ 1,466 ਘਟਨਾਵਾਂ (27.25 ਪ੍ਰਤੀਸ਼ਤ ਦਾ ਵਾਧਾ) ਅਤੇ ਜਾਨਵਰਾਂ ਦੀ ਟੱਕਰ ਦੀਆਂ 29 ਘਟਨਾਵਾਂ (93.33 ਪ੍ਰਤੀਸ਼ਤ ਵਾਧਾ) ਹੋਈਆਂ। 

ਜਦੋਂ 2021 ਦੇ ਅੰਕੜਿਆਂ ਦੀ 2019 ਦੇ ਅੰਕੜਿਆਂ ਨਾਲ ਤੁਲਨਾ ਕੀਤੀ ਗਈ ਤਾਂ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਪੰਛੀਆਂ, ਜਾਨਵਰਾਂ ਦੀ ਟੱਕਰ ਦੀਆਂ ਘਟਨਾਵਾਂ 'ਚ 19.47 ਅਤੇ 123 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਕਾਰਨ ਇਹ ਹੋ ਸਕਦਾ ਹੈ ਕਿ ਇਨਫੈਕਸ਼ਨ ਕਾਰਨ ਉਡਾਣਾਂ ਦੀ ਗਿਣਤੀ ਸੀਮਤ ਹੋਣ ਕਾਰਨ ਹਵਾਈ ਅੱਡਿਆਂ 'ਤੇ ਸ਼ਾਂਤੀ ਬਣੀ ਹੋਈ ਸੀ ਅਤੇ ਇਸ ਕਾਰਨ ਪੰਛੀਆਂ ਨੂੰ ਇਸ ਥਾਂ ਵੱਲ ਆਕਰਸ਼ਿਤ ਕੀਤਾ ਸੀ।

2018 ਵਿੱਚ, DCGA ਨੇ ਇੱਕ ਆਦੇਸ਼ ਵਿੱਚ ਕਿਹਾ ਸੀ ਕਿ ਹਵਾਈ ਅੱਡੇ ਦੇ ਆਸ-ਪਾਸ ਜੰਗਲੀ ਜੀਵਾਂ ਦੀ ਮੌਜੂਦਗੀ ਨੇ ਜਹਾਜ਼ਾਂ ਦੀ ਸੰਚਾਲਨ ਸੁਰੱਖਿਆ ਲਈ "ਗੰਭੀਰ ਖ਼ਤਰਾ" ਪੈਦਾ ਕੀਤਾ ਹੈ।

ਜਦੋਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਤੋਂ 2021 ਦੌਰਾਨ ਅਜਿਹੀਆਂ ਘਟਨਾਵਾਂ ਵਿੱਚ ਵਾਧੇ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਇਨ੍ਹਾਂ ਘਟਨਾਵਾਂ ਦੇ ਮੁੱਖ ਕਾਰਨ ਹਵਾਈ ਅੱਡੇ ਦੇ ਆਲੇ-ਦੁਆਲੇ ਸ਼ਹਿਰੀਕਰਨ, ਕੂੜਾ ਪ੍ਰਬੰਧਨ, ਨੇੜਲੇ ਬੁੱਚੜਖਾਨੇ, ਖੁੱਲ੍ਹੇ ਨਾਲੇ ਆਦਿ ਹਨ, ਜੋ ਕਿ ਪੰਛੀਆਂ ਅਤੇ ਜਾਨਵਰਾਂ ਲਈ ਭੋਜਨ ਜਾਂ ਪਾਣੀ ਦੀ ਖਿੱਚ ਦਾ ਮੁੱਖ ਸਰੋਤ ਹਨ। ਅਥਾਰਟੀ ਨੇ ਕਿਹਾ ਕਿ ਇਸ ਨੇ ਜਾਨਵਰਾਂ ਅਤੇ ਪੰਛੀਆਂ ਦੀ ਟੱਕਰ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਕਈ ਕਦਮ ਚੁੱਕੇ ਹਨ।