ਗਰੀਬਾਂ ਤੋਂ ਲੁੱਟਿਆ ਅਤੇ ਈ.ਡੀ. ਵਲੋਂ ਜ਼ਬਤ ਕੀਤਾ ਗਿਆ ਪੈਸਾ ਲੋਕਾਂ ਨੂੰ ਵਾਪਸ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹਾਂ : ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਇਕ ਪਾਸੇ ਮੌਜੂਦਾ ਕੇਂਦਰ ਸਰਕਾਰ ਦੇਸ਼ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ ਤਾਂ ਦੂਜੇ ਪਾਸੇ ਸਾਰੇ ਭ੍ਰਿਸ਼ਟ ਇਕ-ਦੂਜੇ ਨੂੰ ਬਚਾਉਣ ਲਈ ਇਕੱਠੇ ਹੋ ਗਏ

PM Modi and Amrita Rai

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਉਹ ਇਹ ਯਕੀਨੀ ਕਰਨ ਲਈ ਕੰਮ ਕਰ ਰਹੇ ਹਨ ਕਿ ਪਛਮੀ ਬੰਗਾਲ ’ਚ ਗਰੀਬਾਂ ਤੋਂ ਲੁੱਟਿਆ ਗਿਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਜ਼ਬਤ ਕੀਤਾ ਗਿਆ ਪੈਸਾ ਜਨਤਾ ਨੂੰ ਵਾਪਸ ਮਿਲੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾਵਾਂ ਨੇ ਦਸਿਆ ਕਿ ਮੋਦੀ ਨੇ ਕ੍ਰਿਸ਼ਨਾਨਗਰ ਲੋਕ ਸਭਾ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਦੇ ਵਿਰੁਧ ਸਾਬਕਾ ਸ਼ਾਹੀ ਪਰਵਾਰ ਦੀ ਮੈਂਬਰ ਅਤੇ ਰਾਜਘਰਾਣੇ ਦੀ ਮੈਂਬਰ ਅੰਮ੍ਰਿਤਾ ਰਾਏ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਇਹ ਗੱਲ ਕਹੀ। ਭਾਜਪਾ ਦੇ ਇਕ ਨੇਤਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ‘ਰਾਜਮਾਤਾ’ ਅੰਮ੍ਰਿਤਾ ਰਾਏ ਨੂੰ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੇ ਆਮ ਜਨਤਾ ਦਾ ਪੈਸਾ ਲੁੱਟਿਆ ਹੈ ਅਤੇ ਈ.ਡੀ. ਨੇ ਉਨ੍ਹਾਂ ਭ੍ਰਿਸ਼ਟਾਚਾਰੀਆਂ ਤੋਂ ਜੋ ਵੀ ਜਾਇਦਾਦ ਅਤੇ ਪੈਸਾ ਜ਼ਬਤ ਕੀਤਾ ਹੈ, ਉਹ ਗਰੀਬ ਲੋਕਾਂ ਨੂੰ ਵਾਪਸ ਦਿਤਾ ਜਾਣਾ ਜਾਵੇ... ਇਹ ਯਕੀਨੀ ਬਣਾਉਣ ਲਈ ਕਾਨੂੰਨੀ ਬਦਲ ਲੱਭੇ ਜਾ ਰਹੇ ਹਨ।’’

ਭਾਜਪਾ ਆਗੂਆਂ ਅਨੁਸਾਰ ਮੋਦੀ ਨੇ ਕਿਹਾ ਕਿ ਇਕ ਪਾਸੇ ਮੌਜੂਦਾ ਕੇਂਦਰ ਸਰਕਾਰ ਦੇਸ਼ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ ਤਾਂ ਦੂਜੇ ਪਾਸੇ ਸਾਰੇ ਭ੍ਰਿਸ਼ਟ ਇਕ-ਦੂਜੇ ਨੂੰ ਬਚਾਉਣ ਲਈ ਇਕੱਠੇ ਹੋ ਗਏ ਹਨ।

ਪ੍ਰਧਾਨ ਮੰਤਰੀ ਅਤੇ ਰਾਏ ਵਿਚਾਲੇ ਹੋਈ ਗੱਲਬਾਤ ਦਾ ਵੇਰਵਾ ਦਿੰਦਿਆਂ ਪਾਰਟੀ ਨੇਤਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅੰਦਾਜ਼ਾ ਹੈ ਕਿ ਸੂਬੇ ਵਿਚ ਨੌਕਰੀਆਂ ਪ੍ਰਾਪਤ ਕਰਨ ਲਈ ਰਿਸ਼ਵਤ ਵਜੋਂ ਦਿਤੀ ਗਈ ਰਕਮ ਲਗਭਗ 3,000 ਕਰੋੜ ਰੁਪਏ ਹੈ। ਮੋਦੀ ਨੇ ਰਾਏ ਨੂੰ ਲੋਕਾਂ ਨੂੰ ਇਸ ਬਾਰੇ ਦੱਸਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੱਤਾ ’ਚ ਵਾਪਸ ਆਉਣ ਤੋਂ ਤੁਰਤ ਬਾਅਦ ਉਹ ਅਜਿਹਾ ਤਰੀਕਾ ਲੱਭਣਗੇ ਤਾਂ ਜੋ ਲੋਕਾਂ ਦਾ ਪੈਸਾ ਵਾਪਸ ਆ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜ ਪੈਣ ’ਤੇ ਕਾਨੂੰਨੀ ਬਦਲਾਂ ਦੀ ਵੀ ਪੜਚੋਲ ਕੀਤੀ ਜਾਵੇਗੀ। 

ਰਾਏ 18 ਵੀਂ ਸਦੀ ਦੇ ਸਥਾਨਕ ਰਾਜਾ ਕ੍ਰਿਸ਼ਨਚੰਦਰ ਰਾਏ ਦੇ ਪਰਵਾਰ ਨਾਲ ਸਬੰਧਤ ਹੈ। ਮੋਦੀ ਨੇ ਉਨ੍ਹਾਂ ਲੋਕਾਂ ’ਤੇ ਵੀ ਜਵਾਬੀ ਹਮਲਾ ਕੀਤਾ ਜਿਨ੍ਹਾਂ ਨੇ ਭਾਜਪਾ ਵਲੋਂ ਰਾਏ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਥਿਤ ਤੌਰ ’ਤੇ ਬ੍ਰਿਟਿਸ਼ ਦਾ ਸਮਰਥਨ ਕਰਨ ਲਈ ਸ਼ਾਹੀ ਪਰਵਾਰ ਨੂੰ ਨਿਸ਼ਾਨਾ ਬਣਾਇਆ ਸੀ। ਰਾਏ ਨੇ ਮੋਦੀ ਨੂੰ ਕਿਹਾ ਕਿ ਉਨ੍ਹਾਂ ਦੇ ਪਰਵਾਰ ਨੂੰ ‘ਰਾਸ਼ਟਰ ਵਿਰੋਧੀ’ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਕ੍ਰਿਸ਼ਨਚੰਦਰ ਰਾਏ ਨੇ ਲੋਕਾਂ ਲਈ ਕੰਮ ਕੀਤਾ ਅਤੇ ਸਨਾਤਨ ਧਰਮ ਨੂੰ ਬਚਾਉਣ ਲਈ ਹੋਰ ਰਾਜਿਆਂ ਨਾਲ ਹੱਥ ਮਿਲਾਇਆ।’’

ਮੋਦੀ ਨੇ ਰਾਏ ਨੂੰ ਅਜਿਹੇ ਦੋਸ਼ਾਂ ਤੋਂ ਪਰੇਸ਼ਾਨ ਨਾ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ (ਤ੍ਰਿਣਮੂਲ ਕਾਂਗਰਸ) ਵੋਟ ਬੈਂਕ ਦੀ ਰਾਜਨੀਤੀ ਕਰਦੇ ਹਨ ਅਤੇ ਹਰ ਤਰ੍ਹਾਂ ਦੇ ਬੇਤੁਕੇ ਦੋਸ਼ ਲਗਾਉਣਗੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ, ‘‘ਵਿਰੋਧੀ ਪਾਰਟੀਆਂ ਅਪਣੇ ਪਾਪਾਂ ਨੂੰ ਲੁਕਾਉਣ ਲਈ ਅਜਿਹਾ ਕਰਦੀਆਂ ਹਨ। ਇਕ ਪਾਸੇ ਉਹ ਭਗਵਾਨ ਰਾਮ ਦੀ ਹੋਂਦ ’ਤੇ ਸਵਾਲ ਉਠਾਉਂਦੇ ਹਨ ਅਤੇ ਦੂਜੇ ਪਾਸੇ ਦੂਜਿਆਂ ਨੂੰ ਬਦਨਾਮ ਕਰਨ ਲਈ ਦੋ ਅਤੇ ਤਿੰਨ ਸਦੀਆਂ ਪੁਰਾਣੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹਨ।’’