ਹੈਦਰਾਬਾਦ ਦੀ ਟ੍ਰੈਫਿ਼ਕ ਪੁਲਿਸ ਸਖ਼ਤ, ਨਾਬਾਲਗ ਬੱਚਿਆਂ ਨੂੰ ਗੱਡੀ ਦੇਣ ਵਾਲੇ 26 ਮਾਪੇ ਭੇਜੇ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਥੋਂ ਦੀ ਟ੍ਰੈਫਿ਼ਕ ਪੁਲਿਸ ਨੇ ਨਾਬਾਲਗ ਬੱਚਿਆਂ ਨੂੰ ਗੱਡੀ ਦੇਣ ਵਾਲੇ ਮਾਪਿਆਂ 'ਤੇ ਸ਼ਿਕੰਜਾ ਕਸਿਆ ਹੈ। ਨਾਬਾਲਗ ਬੱਚਿਆਂ ਨੂੰ ਅਕਸਰ ਸੜਕਾਂ 'ਤੇ ...

26 parents jailed hyderabad for letting their minor children drive

ਹੈਦਰਾਬਾਦ : ਇੱਥੋਂ ਦੀ ਟ੍ਰੈਫਿ਼ਕ ਪੁਲਿਸ ਨੇ ਨਾਬਾਲਗ ਬੱਚਿਆਂ ਨੂੰ ਗੱਡੀ ਦੇਣ ਵਾਲੇ ਮਾਪਿਆਂ 'ਤੇ ਸ਼ਿਕੰਜਾ ਕਸਿਆ ਹੈ। ਨਾਬਾਲਗ ਬੱਚਿਆਂ ਨੂੰ ਅਕਸਰ ਸੜਕਾਂ 'ਤੇ ਲਾਪ੍ਰਵਾਹੀ ਨਾਲ ਗੱਡੀਆਂ ਦੌੜਾਉਂਦੇ ਦੇਖਿਆ ਜਾਂਦਾ ਹੈ ਜੋ ਅਪਣੇ ਲਈ ਤਾਂ ਮੁਸੀਬਤ ਸਹੇੜਦੇ ਹੀ ਹਨ, ਕਈ ਵਾਰ ਦੂਜਿਆਂ ਲਈ ਵੀ ਜਾਨ ਦਾ ਖੌਅ ਦਾ ਬਣ ਜਾਂਦੇ ਹਨ। ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਹੈਦਰਾਬਾਦ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ। 

ਇਸੇ ਮੁਹਿੰਮ ਤਹਿਤ ਇੱਥੋਂ ਦੀ ਟ੍ਰੈਫਿ਼ਕ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਬੱਚਿਆਂ ਨੂੰ ਗੱਡੀਆਂ ਸੌਂਪਣ ਵਾਲੇ 26 ਮਾਪਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿਤਾ ਹੈ। ਹੈਦਰਾਬਾਦ ਟ੍ਰੈਫਿ਼ਕ ਪੁਲਿਸ ਦੇ ਜੁਆਇੰਟ ਕਮਿਸ਼ਨਰ ਅਨਿਲ ਕੁਮਾਰ ਨੇ ਕਿਹਾ ਕਿ ਮਾਰਚ ਵਿਚ 20 ਮਾਪਿਆਂ ਨੂੰ ਜੇਲ੍ਹ ਭੇਜਿਆ ਗਿਆ ਸੀ। ਉਥੇ ਹੀ ਇਸ ਮਹੀਨੇ ਅਜੇ 6 ਮਾਪਿਆਂ ਨੂੰ ਜੇਲ੍ਹ ਭੇਜਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਾਬਾਲਗਾਂ ਵਲੋਂ ਗੱਡੀ ਚਲਾਉਣ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਕ ਨਾਬਾਲਗ ਨੂੰ ਇਕ ਮਹੀਨੇ ਲਈ ਜੇਲ੍ਹ ਵੀ ਭੇਜਿਆ ਗਿਆ ਹੈ। ਲੋਕਾਂ ਦੀ ਜਾਗਰੂਕਤਾ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਨਾਲ-ਨਾਲ ਮਾਤਾ-ਪਿਤਾ ਦੀ ਕੌਂਸਲਿੰਗ ਲਈ ਵੀ ਸਾਰੇ ਪ੍ਰਬੰਧ ਕੀਤੇ ਗਏ ਹਨ। 

ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ ਪਿਛਲੇ ਦਿਨੀਂ ਹੀ ਇੰਜੀਨਿਅਰਿੰਗ ਦੀਆਂ ਚਾਰ ਵਿਦਿਆਰਥਣਾਂ ਨੇ ਸੜਕ ਕਿਨਾਰੇ ਸੌਂ ਰਹੇ 48 ਸਾਲਾ ਅਸ਼ੋਕ 'ਤੇ ਗੱਡੀ ਚੜ੍ਹਾ ਦਿਤੀ ਸੀ। ਘਟਨਾ ਵਿਚ ਅਸ਼ੋਕ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਦਿਆਰਥਣਾਂ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਸੀ।