ਗੂਗਲ ਨੇ 'ਡੂਡਲ' ਰਾਹੀਂ ਪ੍ਰਸਿੱਧ ਕਵਿੱਤਰੀ ਮਹਾਦੇਵੀ ਵਰਮਾ ਨੂੰ ਕੀਤਾ ਯਾਦ
ਮਹਾਦੇਵੀ ਵਰਮਾ ਦੇ ਨਾਂਅ ਤੋਂ ਹਰ ਕੋਈ ਵਾਕਿਫ਼ ਹੈ, ਜਿਸ ਨੇ ਛੋਟੀ ਜਿਹੀ ਉਮਰ ਵਿਚ ਹੀ ਹਿੰਦੀ ਵਿਚ ਕਵਿਤਾਵਾਂ ਦੀ ਰਚਨਾ ਕਰ ਕੇ ਪ੍ਰਸਿੱਧੀ ਖੱਟੀ ...
ਨਵੀਂ ਦਿੱਲੀ : ਮਹਾਦੇਵੀ ਵਰਮਾ ਦੇ ਨਾਂਅ ਤੋਂ ਹਰ ਕੋਈ ਵਾਕਿਫ਼ ਹੈ, ਜਿਸ ਨੇ ਛੋਟੀ ਜਿਹੀ ਉਮਰ ਵਿਚ ਹੀ ਹਿੰਦੀ ਵਿਚ ਕਵਿਤਾਵਾਂ ਦੀ ਰਚਨਾ ਕਰ ਕੇ ਪ੍ਰਸਿੱਧੀ ਖੱਟੀ ਸੀ। 7 ਸਾਲ ਦੀ ਉਮਰ ਤੋਂ ਹੀ ਮਹਾਦੇਵੀ ਵਰਗਾ ਕਵਿੱਤਰੀ ਬਣਨ ਦੀ ਰਾਹ 'ਤੇ ਚੱਲ ਪਈ ਸੀ। ਗੂਗਲ ਨੇ ਮਹਾਦੇਵੀ ਵਰਮਾ ਦਾ ਡੂਡਲ ਲਗਾ ਕੇ ਇਸ ਪ੍ਰਸਿੱਧ ਕਵਿੱਤਰੀ ਨੂੰ ਯਾਦ ਕੀਤਾ ਹੈ। ਗੂਗਲ ਨੇ 'ਸੈਲੀਬ੍ਰੇਟਿੰਗ ਮਹਾਦੇਵੀ ਵਰਮਾ' ਸਿਰਲੇਖ ਨਾਲ ਡੂਡਲ ਬਣਾਇਆ ਹੈ।
ਮਹਾਦੇਵੀ ਵਰਮਾ ਹਿੰਦੀ ਸਾਹਿਤ ਦੇ ਚਾਰ ਪ੍ਰਮੁੱਖ ਥੰਮ੍ਹਾਂ (ਜੈਸ਼ੰਕਰ ਪ੍ਰਸਾਦ, ਸੂਰੀਆਕਾਂਤ ਤ੍ਰਿਪਾਠੀ ਨਿਰਾਲਾ ਅਤੇ ਸਮਿੱਤਰਾਨੰਦ ਪੰਤ) ਵਿਚੋਂ ਇਕ ਹਨ। ਮਹਾਦੇਵੀ ਵਰਮਾ ਨੂੰ ਆਧੁਨਿਕ ਮੀਰਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਦਰਦ ਕੁੱਟ-ਕੁੱਟ ਕੇ ਭਰਿਆ ਰਿਹਾ। ਮਹਾਦੇਵੀ ਵਰਮਾ ਦਾ ਜਨਮ 26 ਮਾਰਚ 1907 ਨੂੰ ਉੱਤਰ ਪ੍ਰਦੇਸ਼ ਦੇ ਫ਼ਾਰੂਖ਼ਾਬਾਦ ਵਿਚ ਹੋਸ਼ੲਆ।
ਉਨ੍ਹਾਂ ਦੇ ਪਰਵਾਰ ਵਿਚ ਲਗਭਗ ਸੱਤ ਪੀੜ੍ਹੀਆਂ ਤੋਂ ਬਾਅਦ ਪਹਿਲੀ ਵਾਰ ਪੁੱਤਰੀ ਦਾ ਜਨਮ ਹੋਇਆ ਸੀ। ਇਸ ਲਈ ਉਨ੍ਹਾਂ ਦਾ ਨਾਮ ਮਹਾਦੇਵੀ ਰਖਿਆ ਗਿਆ ਸੀ। ਉਨ੍ਹਾਂ ਦੇ ਪਿਤਾ ਭਾਗਲਪੁਰ ਦੇ ਕਾਲਜ ਵਿਚ ਅਧਿਆਪਕ ਸਨ। ਕਵਿੱਤਰੀ ਮਹਾਦੇਵੀ ਨੇ ਅਪਣੀ ਮੁਢਲੀ ਪੜ੍ਹਾਈ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਮਿਸ਼ਨਰੀ ਸਕੂਲ ਤੋਂ ਪ੍ਰਾਪਤ ਕੀਤੀ।
ਉਨ੍ਹਾਂ ਨੇ ਸੰਸਕ੍ਰਿਤ, ਅੰਗਰੇਜ਼ੀ, ਸੰਗੀਤ ਅਤੇ ਚਿਤਰਕਲਾ ਦੀ ਸਿੱਖਿਆ ਘਰ 'ਤੇ ਹੀ ਮਿਲੀ। ਉਨ੍ਹਾਂ ਦਾ ਵਿਆਹ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਵਿਚ ਰੁਕਾਵਟ ਆਈ ਅਤੇ ਫਿ਼ਰ ਉਨ੍ਹਾਂ ਨੇ 1919 ਵਿਚ ਇਲਾਹਾਬਾਦ ਦੇ ਕ੍ਰਾਸਥਵੇਟ ਕਾਲਜ ਵਿਚ ਪੜ੍ਹਾਈ ਸ਼ੁਰੂ ਕੀਤੀ ਅਤੇ ਕਾਲਜ ਦੇ ਹੋਸਟਲ ਵਿਚ ਰਹਿਣ ਲੱਗੀ। ਸਾਲ 1921 ਵਿਚ ਮਹਾਦੇਵੀ ਨੇ 8ਵੀਂ ਜਮਾਤ ਵਿਚ ਪੂਰੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।
ਸੱਤ ਸਾਲ ਦੀ ਉਮਰ ਤੋਂ ਹੀ ਮਹਾਦੇਵੀ ਕਵਿਤਾ ਲਿਖਣ ਲੱਗੀ ਸੀ ਅਤੇ 1925 ਤਕ ਉਨ੍ਹਾਂ ਨੇ ਮੈਟ੍ਰਿਕ ਪੂਰੀ ਕਰਨ ਦੇ ਨਾਲ ਹੀ ਇਕ ਸਫ਼ਲ ਕਵਿੱਤਰੀ ਦੇ ਰੂਪ ਵਿਚ ਅਪਣੇ ਆਪ ਨੂੰ ਸਥਾਪਿਤ ਕਰ ਲਿਆ ਸੀ। ਵੱਖ-ਵੱਖ ਅਖ਼ਬਾਰਾਂ ਵਿਚ ਮਹਾਦੇਵੀ ਦੀਆਂ ਕਵਿਤਾਵਾਂ ਪ੍ਰਕਾਸ਼ਤ ਹੋਣ ਲੱਗੀਆਂ ਅਤੇ ਕਾਲਜ ਵਿਚ ਸੁਭੱਦਰਾ ਕੁਮਾਰੀ ਚੌਹਾਨ ਦੇ ਨਾਲ ਉਨ੍ਹਾਂ ਦੀ ਦੋਸਤੀ ਹੋ ਗਈ।
ਸਾਲ 1932 ਵਿਚ ਮਹਾਦੇਵੀ ਇਲਾਹਾਬਾਦ ਯੂਨੀਵਰਸਿਟੀ ਤੋਂ ਸੰਸਕ੍ਰਿਤ ਵਿਸ਼ੇ ਨਾਲ ਐਮਏ ਕਰ ਰਹੀ ਸੀ, ਇਸੇ ਦੌਰਾਨ ਉਨ੍ਹਾਂ ਦੇ ਦੋ ਕਵਿਤਾ ਸੰਗ੍ਰਹਿ 'ਨੀਹਾਰ' ਅਤੇ 'ਰਿਸ਼ਮ' ਪ੍ਰਕਾਸ਼ਤ ਹੋ ਚੁੱਕੇ ਸਨ। ਉਨ੍ਹਾਂ ਨੇ ਇਸ ਤੋਂ ਇਲਾਵਾ 1934 ਵਿਚ ਨੀਰਜਾ ਅਤੇ 1936 ਵਿਚ ਸਾਂਧਯਗੀਤ ਨਾਂਅ ਦੇ ਦੋ ਹੋਰ ਕਵਿਤਾ ਸੰਗ੍ਰਹਿ ਵੀ ਪ੍ਰਕਾਸ਼ਤ ਕਰਵਾਏ। ਮਹਾਦੇਵੀ ਨੇ ਸਾਲ 1955 ਵਿਚ ਇਲਾਹਾਬਾਦ ਸ਼ਹਿਰ ਵਿਚ ਸਾਹਿਤਕਾਰ ਸੰਸਦ ਦੀ ਸਥਾਪਨਾ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਪੰਡਤ ਇਲਾਚੰਦਰ ਜੋਸ਼ੀ ਦੇ ਸਹਿਯੋਗੀ ਨਾਲ ਸਾਹਿਤਕਾਰ ਦਾ ਸੰਪਾਦਨ ਵੀ ਸੰਭਾਲਣਾ ਸ਼ੁਰੂ ਕੀਤਾ। ਮਹਾਦੇਵੀ ਨੇ ਅਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਯੂਪੀ ਦੇ ਇਲਾਹਾਬਾਦ ਸ਼ਹਿਰ ਵਿਚ ਬਿਤਾਇਆ। 11 ਸਤੰਬਰ 1987 ਨੂੰ ਇਸੇ ਸ਼ਹਿਰ ਇਲਾਹਾਬਾਦ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਪਰ ਉਹ ਹਮੇਸ਼ਾਂ ਲਈ ਹਿੰਦੀ ਜਗਤ ਲਈ ਅਮਰ ਹੋ ਗਈ।