ਪਾਕਿ ਦਾ ਜੇਐਫ਼-17 ਲੜਾਕੂ ਜਹਾਜ਼ ਭਾਰਤੀ 'ਤੇਜਸ' ਅੱਗੇ ਫਿੱਕਾ : ਧਨੋਆ
ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਐਸ ਧਨੋਆ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਦਾ ਜੇਐਫ਼-17 ਵਰਤਮਾਨ ਦਾ ਲੜਾਕੂ ਜਹਾਜ਼ ਹੈ ਤਾਂ ਸਵਦੇਸ਼ ...
ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਐਸ ਧਨੋਆ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਦਾ ਜੇਐਫ਼-17 ਵਰਤਮਾਨ ਦਾ ਲੜਾਕੂ ਜਹਾਜ਼ ਹੈ ਤਾਂ ਸਵਦੇਸ਼ ਵਿਚ ਤਿਆਰ ਕੀਤਾ ਗਿਆ 'ਤੇਜਸ' ਭਵਿੱਖ ਦਾ ਲੜਾਕੂ ਜਹਾਜ਼ ਹੈ। ਜੇਐਫ਼-17 ਹਲਕਾ ਲੜਾਕੂ ਜਹਾਜ਼ ਹੈ। ਇਹ ਇਕ ਇੰਜਣ ਵਾਲਾ ਹੈ। ਇਸ ਨੂੰ ਪਾਕਿਸਤਾਨ ਅਤੇ ਚੀਨ ਨੇ ਸਾਂਝੇ ਰੂਪ ਨਾਲ ਤਿਆਰ ਕੀਤਾ ਹੈ।
ਧਨੋਆ ਨੇ ਦੋਹੇ ਲੜਾਕੂ ਜਹਾਜ਼ਾਂ ਵਿਚੋਂ ਕਿਹੜਾ ਬਿਹਤਰ ਹੈ, ਇਹ ਪੁੱਛੇ ਜਾਣ 'ਤੇ ਕਿਹਾ ਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਲੈਸ ਕਰਦੇ ਹਾਂ। ਮੈਂ ਭਰੋਸੇਮੰਦ ਹਾਂ ਕਿ ਅਸੀਂ ਬਿਹਤਰ ਜਹਾਜ਼ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਕ ਏਵੀਏਸ਼ਨ ਜਨਰਲ ਵਿਚ ਇਕ ਬਹੁਤ ਵਧੀਆ ਲੇਖ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇਐਫ਼-17 ਤੇਜਸ ਵਾਂਗ ਤਕਨੀਕੀ ਰੂਪ ਨਾਲ ਆਧੁਨਿਕ ਨਹੀਂ ਹੈ।
ਇਸ ਲਈ ਜੇਐਫ਼-17 ਅੱਜ ਦਾ ਲੜਾਕੂ ਜਹਾਜ਼ ਹੈ ਕਿਉਂਕਿ ਉਨ੍ਹਾਂ ਨੇ ਸਾਡੀ ਤੁਲਨਾ ਵਿਚ ਕਿਤੇ ਜ਼ਿਆਦਾ ਸਕਵਾਇਰਡਨ ਲਗਾਇਆ ਹੋਇਆ ਹੈ ਪਰ ਤੇਜਸ ਭਵਿੱਖ ਦਾ ਲੜਾਕੂ ਜਹਾਜ਼ ਹੈ। ਇਸ ਵਿਚ ਕਿਤੇ ਜ਼ਿਆਦਾ ਬਿਹਤਰ ਪ੍ਰਣਾਲੀਆਂ ਹਨ। ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਹਿੰਦੁਸਤਾਨ ਏਅਰੋਨਾਟਿਕਲਜ਼ ਲਿਮਟਿਡ (ਐਚਏਐਲ) ਨੇ ਤਿਆਰ ਕੀਤਾ ਹੈ।
ਇਸ ਨੂੰ ਜੁਲਾਈ 2016 ਵਿਚ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਕੀਤਾ ਗਿਆ। ਇਸ ਨੂੰ ਅਪ੍ਰੈਲ ਵਿਚ ਹੋਏ 'ਗਗਨਸ਼ਕਤੀ 2018' ਦੀ ਫ਼ੌਜੀ ਮਸ਼ਕ ਵਿਚ ਵੀ ਸ਼ਾਮਲ ਕੀਤਾ ਗਿਆ ਸੀ।