ਗੁਰਦੁਆਰਾ ਹੇਮਕੁੰਟ ਸਾਹਿਬ 20 ਫੁੱਟ ਬਰਫ਼ ਨਾਲ ਢਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯਾਤਰਾ ਸ਼ੁਰੂ ਹੋਣ 'ਚ ਬਾਕੀ ਰਹਿ ਗਏ ਨੇ ਮਹਿਜ਼ 36 ਦਿਨ

Gurdwara Hemkund Sahib covered with 20 feet of snow

ਉਤਰਾਖੰਡ- ਉਤਰਾਖੰਡ ਵਿਚ ਹਿਮਾਲਿਆ ਪਰਬਤ 'ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਕ ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ ਯਾਤਰਾ ਸ਼ੁਰੂ ਹੋਣ ਵਿਚ ਮਹਿਜ਼ 36 ਦਿਨ ਬਾਕੀ ਰਹਿ ਗਏ ਹਨ ਪਰ ਇਸ ਸਮੇਂ ਇਹ ਪਵਿੱਤਰ ਅਸਥਾਨ 15 ਤੋਂ 20 ਫੁੱਟ ਤਕ ਬਰਫ਼ ਨਾਲ ਢਕਿਆ ਹੋਇਆ ਹੈ। ਬਰਫ਼ਬਾਰੀ ਕਾਰਨ ਗੁਰਦੁਆਰਾ ਸਾਹਿਬ ਦਾ ਉਪਰਲਾ ਹਿੱਸਾ ਹੀ ਨਜ਼ਰ ਆ ਰਿਹਾ ਹੈ ਭਾਵੇਂ ਕਿ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਸਿੱਖਾਂ ਦੇ ਇਸ ਪਵਿੱਤਰ ਅਸਥਾਨ ਨੂੰ ਜਾਂਦੇ ਰਸਤੇ 'ਤੇ ਜਮੀ ਬਰਫ਼ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਪਰ ਇੰਨੀ ਭਾਰੀ ਮਾਤਰਾ ਵਿਚ ਪਈ ਬਰਫ਼ ਨੂੰ ਹਟਾਉਣ ਵਿਚ ਕਾਫ਼ੀ ਦਿੱਕਤ ਆ ਰਹੀ ਹੈ।

ਗੁਰਦੁਆਰਾ ਸਾਹਿਬ ਨੇੜੇ ਪਵਿੱਤਰ ਹਿਮ ਸਰੋਵਰ ਵੀ ਪੂਰੀ ਤਰ੍ਹਾਂ ਬਰਫ਼ ਹੇਠਾਂ ਦਬਿਆ ਹੋਇਆ ਹੈ। ਜਿੱਥੇ ਡੁਬਕੀ ਲਗਾਉਣ ਮਗਰੋਂ ਸਿੱਖ ਸ਼ਰਧਾਲੂ ਮੱਥਾ ਟੇਕਦੇ ਹਨ। ਇਸ ਪਵਿੱਤਰ ਅਸਥਾਨ 'ਤੇ ਹਰ ਸਾਲ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚਦੇ ਹਨ। ਉਂਝ ਮਈ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਹਰ ਸਾਲ ਹੇਮਕੁੰਟ ਗੁਰਦੁਆਰਾ ਸਾਹਿਬ ਦੇ ਕਪਾਟ ਖੋਲ੍ਹੇ ਜਾਂਦੇ ਹਨ ਪਰ ਇਸ ਵਾਰ ਭਾਰੀ ਬਰਫ਼ਬਾਰੀ ਕਾਰਨ 1 ਜੂਨ ਨੂੰ ਖੋਲ੍ਹੇ ਜਾਣਗੇ। ਜਿਸ ਤੋਂ ਬਾਅਦ 15 ਦਿਨਾਂ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ।

ਫਿਲਹਾਲ ਫ਼ੌਜ ਨੇ ਬਰਫ਼ ਹਟਾਉਣ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਹੋਈ ਹੈ ਪਰ ਕੁੱਝ ਥਾਵਾਂ 'ਤੇ ਮੌਸਮ ਦੀ ਖ਼ਰਾਬੀ ਕਾਰਨ ਬਰਫ਼ ਹਟਾਉਣ ਦੇ ਕੰਮ ਵਿਚ ਖੜੋਤ ਆ ਰਹੀ ਹੈ। ਗੁਰਦੁਆਰੇ ਸਮੇਤ ਹੋਰ ਰਸਤਿਆਂ ਤੋਂ ਬਰਫ਼ ਹਟਾਉਣ ਲਈ ਹਾਲੇ 15 ਤੋਂ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਪਰ ਜੇਕਰ ਬਰਫ਼ਬਾਰੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਕ ਜੂਨ ਨੂੰ ਯਾਤਰਾ ਸ਼ੁਰੂ ਹੋਣ ਦੌਰਾਨ ਵੀ ਗੁਰਦੁਆਰਾ ਸਾਹਿਬ ਬਰਫ਼ ਵਿਚ ਢਕਿਆ ਹੋਇਆ ਮਿਲੇਗਾ।