ਕੋਰੋਨਾ ਵਾਇਰਸ : 24 ਘੰਟਿਆਂ 'ਚ ਰੀਕਾਰਡ 60 ਜਣਿਆਂ ਦੀ ਮੌਤ, 1463 ਨਵੇਂ ਮਾਮਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਪੀੜਤਾਂ ਦੀ ਗਿਣਤੀ 28,380 ਹੋਈ, ਮੌਤਾਂ 886 : ਸਿਹਤ ਮੰਤਰਾਲਾ

ਨਵੀਂ ਦਿੱਲੀ ਦੇ ਮੈਕਸ ਹਸਪਤਾਲ ਬਾਹਰ ਇਕ ਮਰੀਜ਼ ਲਈ ਸਟਰੈਚਰ ਲੈ ਕੇ ਜਾਂਦੇ ਸੁਰੱਖਿਆ ਪੋਸ਼ਾਕ 'ਚ ਕੱਜੇ ਸਿਹਤ ਮੁਲਾਜ਼ਮ। ਪੀਟੀਆਈ

24 ਘੰਟਿਆਂ ਵਿਚ 1463 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਨਾਲ ਹੀ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 28380 ਹੋ ਗਈ ਹੈ। ਸਿਹਤ ਮੰਤਰਾਲੇ ਵਿਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਪੀੜਤ ਮਰੀਜ਼ਾਂ ਦੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 6263 ਹੋ ਗਈ ਹੈ। ਇਹ ਕੁਲ ਪੀੜਤ ਮਰੀਜ਼ਾਂ ਦੀ ਗਿਣਤੀ ਦਾ 22.17 ਫ਼ੀ ਸਦੀ ਹੈ। ਪਿਛਲੇ 24 ਘੰਟਿਆਂ ਵਿਚ ਰੀਕਾਰਡ 60 ਜਣਿਆਂ ਦੀ ਮੌਤ ਹੋਈ ਹੈ।

ਨਵੀਂ ਦਿੱਲੀ ਦੇ ਮੈਕਸ ਹਸਪਤਾਲ ਬਾਹਰ ਇਕ ਮਰੀਜ਼ ਲਈ ਸਟਰੈਚਰ ਲੈ ਕੇ ਜਾਂਦੇ ਸੁਰੱਖਿਆ ਪੋਸ਼ਾਕ 'ਚ ਕੱਜੇ ਸਿਹਤ ਮੁਲਾਜ਼ਮ। ਪੀਟੀਆਈ
ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਲਾਗ ਨਾਲ ਦੇਸ਼ ਵਿਚ ਹੁਣ ਤਕ 886 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਗਰਵਾਲ ਨੇ ਲਾਗ ਨੂੰ ਰੋਕਣ ਦੇ ਤਰੀਕਿਆਂ ਦੇ ਅਸਰ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ਼ ਦੇ 16 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਪਿਛਲੇ 28 ਦਿਨਾਂ ਤੋਂ ਲਾਗ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ 24 ਅਪ੍ਰੈਲ ਮਗਰੋਂ ਇਸ ਸੂਚੀ ਵਿਚ ਤਿੰਨ ਜ਼ਿਲ੍ਹੇ-ਮਹਾਰਾਸ਼ਟਰ ਦਾ ਗੋਂਦੀਆ, ਕਰਨਾਟਕ ਦਾ ਦਾਵਨਗਿਰੀ ਅਤੇ ਬਿਹਾਰ ਦਾ ਲਖੀਸਰਾਏ ਜ਼ਿਲ੍ਹੇ ਜੁੜੇ ਹਨ। ਦੋ ਜ਼ਿਲ੍ਹੇ-ਯੂਪੀ ਦਾ ਪੀਲੀਭੀਤ ਅਤੇ ਪੰਜਾਬ ਦਾ ਨਵਾਂਸ਼ਹਿਰ-ਲਾਗ ਦੇ ਨਵੇਂ ਮਾਮਲੇ ਮਿਲਣ ਕਾਰਨ ਇਸ ਸੂਚੀ ਵਿਚੋਂ ਹਟ ਗਏ ਹਨ।


ਅਗਰਵਾਲ ਨੇ ਦਸਿਆ ਕਿ 25 ਰਾਜਾਂ ਦੇ 85 ਜ਼ਿਲ੍ਹਿਆਂ ਵਿਚ ਪਿਛਲੇ 14 ਦਿਨਾਂ ਤੋਂ ਕੋਵਿਡ-19 ਦਾ ਇਕ ਵੀ ਮਰੀਜ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਲਾਗ ਨੂੰ ਰੋਕਣ ਦੀ ਮੁਹਿੰਮ ਵਿਚ ਲੱਗੇ ਸਿਹਤ ਕਾਮਿਆਂ ਅਤੇ ਪੀੜਤ ਮਰੀਜ਼ਾਂ ਨਾਲ ਭੇਦਭਾਵਪੂਰਨ ਸਲੂਕ ਕੀਤੇ ਜਾਣ ਦੀਆਂ ਘਟਨਾਵਾਂ 'ਤੇ ਮੰਤਰਾਲੇ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਦੀ ਲਾਗ ਕਿਸੇ ਲਈ ਕਲੰਕ ਨਹੀਂ, ਸਾਡੀ ਲੜਾਈ ਬੀਮਾਰੀ ਵਿਰੁਧ ਹੈ, ਬੀਮਾਰਾਂ ਵਿਰੁਧ ਨਹੀਂ। ਅਗਰਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, 'ਕਿਸੇ ਵੀ ਫ਼ਿਰਕੇ ਜਾਂ ਖੇਤਰ ਨੂੰ ਕੋਵਿਡ-19 ਦੀ ਲਾਗ ਫੈਲਣ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ, ਸਿਹਤ ਕਾਮਿਆਂ ਅਤੇ ਸਫ਼ਾਈ ਮੁਲਾਜ਼ਮਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।' ਪੱਤਰਕਾਰ ਸੰਮੇਲਨ ਵਿਚ ਗ੍ਰਹਿ ਮੰਤਰਾਲੇ ਦੀ ਅਧਿਕਾਰੀ ਪੁਣਯ ਸ੍ਰੀਵਾਸਤਵ ਨੇ ਤਾਲਾਬੰਦੀ ਦੇ ਨਿਯਮਾਂ ਵਿਚ ਪਿਛਲੀ ਦਿਨੀਂ ਦਿਤੀ ਗਈ ਢਿੱਲ ਬਾਰੇ ਜਾਣਕਾਰ ਦਿਤੀ। ਉਨ੍ਹਾਂ ਕਿਹਾ ਕਿ ਮਨਰੇਗਾ ਯੋਜਨਾ ਤਹਿਤ ਦੋ ਕਰੋੜ ਤੋਂ ਵੱਧ ਮਜ਼ਦੂਰਾਂ ਨੂੰ ਕੰਮ ਮਿਲਣ ਲੱਗ ਪਿਆ ਹੈ। (ਏਜੰਸੀ)