ਤਾਮਿਲਨਾਡੂ: ਤੰਜਾਵੁਰ 'ਚ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਲੋਕਾਂ ਦੀ ਗਈ ਜਾਨ
ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਤੰਜਾਵੁਰ: ਤਾਮਿਲਨਾਡੂ ਦੇ ਤੰਜਾਵੁਰ ਜ਼ਿਲੇ 'ਚ ਇਕ ਮੰਦਰ ਦੀ ਰੱਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਬੁੱਧਵਾਰ ਤੜਕੇ ਰੱਥ ਬਿਜਲੀ ਦੀਆਂ ਤਾਰਾਂ ਹੇਠ ਆ ਗਿਆ ਜਿਸ ਕਾਰਨ 11 ਲੋਕਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ 'ਚ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹ ਅੱਜ ਦੁਪਹਿਰ ਤੰਜਾਵੁਰ ਪਹੁੰਚਣਗੇ, ਜਿੱਥੇ ਉਹ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਜ਼ਖਮੀਆਂ ਨੂੰ ਮਿਲਣਗੇ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਤਾਮਿਲਨਾਡੂ ਵਿਧਾਨ ਸਭਾ 'ਚ ਘਟਨਾ 'ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਤੰਜਾਵੁਰ ਦੇ ਕਾਲੀਮੇਦੂ ਮੰਦਰ ਵਿੱਚ 94ਵਾਂ ਉੱਚ ਗੁਰੂਪੂਜਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਿਚ ਹਿੱਸਾ ਲੈਣ ਲਈ ਮੰਗਲਵਾਰ ਰਾਤ ਤੋਂ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਰੱਥ ਯਾਤਰਾ ਇੱਕ ਮੋੜ ਤੋਂ ਲੰਘ ਰਹੀ ਸੀ ਕਿ ਇਸ ਦੌਰਾਨ ਰੱਥ 'ਤੇ ਖੜ੍ਹੇ ਲੋਕ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆ ਗਏ।
9 ਫੁੱਟ ਉੱਚੇ ਰੱਥ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਰੱਥ ਦੀਆਂ ਲਾਈਟਾਂ ਨੂੰ ਬਿਜਲੀ ਦੇਣ ਲਈ ਜਨਰੇਟਰ ਵੀ ਲਗਾਇਆ ਗਿਆ ਸੀ। ਜ਼ਖ਼ਮੀਆਂ ਵਿੱਚ ਜਨਰੇਟਰ ਆਪਰੇਟਰ ਵੀ ਸ਼ਾਮਲ ਹੈ।
ਤਿਰੂਚਿਰਾਪੱਲੀ ਕੇਂਦਰੀ ਜ਼ੋਨ ਦੇ ਆਈਜੀਪੀ, ਵੀ ਬਾਲਕ੍ਰਿਸ਼ਨਨ ਨੇ ਕਿਹਾ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਘਟਨਾ ਤੋਂ ਬਚਣ ਲਈ ਮੰਦਰ ਨੂੰ ਜਾਣ ਵਾਲੇ ਰਸਤੇ ਦੀ ਬਿਜਲੀ ਸਪਲਾਈ ਆਮ ਤੌਰ 'ਤੇ ਬੰਦ ਕਰ ਦਿੱਤੀ ਜਾਂਦੀ ਹੈ।
ਇਸ ਵਾਰ ਰੱਥ ਦੀ ਉਚਾਈ ਇੰਨੀ ਨਹੀਂ ਸੀ ਕਿ ਉਹ ਹਾਈ ਵੋਲਟੇਜ ਲਾਈਨ ਨੂੰ ਛੂਹ ਸਕਦੀ। ਇਸ ਲਈ ਇਸ ਵਾਰ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ। ਹਾਲਾਂਕਿ ਰੱਥ 'ਤੇ ਸਾਮਾਨ ਹੋਣ ਕਾਰਨ ਇਸ ਦੀ ਉਚਾਈ ਵਧ ਗਈ ਅਤੇ ਇਹ ਹਾਦਸਾ ਵਾਪਰ ਗਿਆ।