127 ਕਰੋੜ ਦੀ ਬੇਨਾਮੀ ਜਾਇਦਾਦ ਦੇ ਮਾਮਲੇ 'ਚ ਮੁਖਤਾਰ ਅੰਸਾਰੀ ਨੂੰ ਪਹਿਲਾ ਨੋਟਿਸ, 12 ਕਰੋੜ ਦਾ ਮੰਗਿਆ ਹਿਸਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਖਤਾਰ ਅੰਸਾਰੀ ਨੂੰ 127 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਮਾਮਲੇ 'ਚ ਇਹ ਪਹਿਲਾ ਨੋਟਿਸ ਦਿੱਤਾ ਗਿਆ

photo

 

 ਨਵੀਂ ਦਿੱਲੀ : ਮੁਖਤਾਰ ਅੰਸਾਰੀ ਦੀਆਂ ਦਿਨ ਬ ਦਿਨ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਆਮਦਨ ਕਰ ਵਿਭਾਗ ਨੇ ਮੁਖਤਾਰ ਨੂੰ ਬੇਨਾਮੀ ਪ੍ਰਾਪਰਟੀ ਐਕਟ ਤਹਿਤ ਨੋਟਿਸ ਜਾਰੀ ਕੀਤਾ ਹੈ। ਬੇਨਾਮੀ ਪ੍ਰਾਪਰਟੀ ਯੂਨਿਟ ਨੇ ਇਹ ਨੋਟਿਸ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਪ੍ਰਸ਼ਾਸਨ ਰਾਹੀਂ ਦਿੱਤਾ ਹੈ।

ਮੁਖਤਾਰ ਅੰਸਾਰੀ ਨੂੰ 127 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਮਾਮਲੇ 'ਚ ਇਹ ਪਹਿਲਾ ਨੋਟਿਸ ਦਿੱਤਾ ਗਿਆ ਹੈ। ਇਸ 'ਚ ਗਾਜ਼ੀਪੁਰ 'ਚ 12 ਕਰੋੜ ਰੁਪਏ ਦੀ ਜਾਇਦਾਦ ਦੀ ਜਾਣਕਾਰੀ ਮੰਗੀ ਗਈ ਹੈ। ਬਾਕੀ ਜਾਇਦਾਦਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।

ਨੋਟਿਸ 'ਚ ਵਿਭਾਗ ਨੇ ਕਿਹਾ ਹੈ ਕਿ ਤੁਹਾਡੀ ਕੁੱਲ ਜਾਇਦਾਦ 'ਚੋਂ ਗਾਜ਼ੀਪੁਰ ਦੀ 12 ਕਰੋੜ ਰੁਪਏ ਦੀ ਜ਼ਮੀਨ ਗਣੇਸ਼ ਦੱਤ ਮਿਸ਼ਰਾ ਨਾਂ ਦੇ ਵਿਅਕਤੀ ਨੇ ਖਰੀਦੀ ਸੀ। ਦੱਸਿਆ ਗਿਆ ਸੀ ਕਿ ਇਹ ਜ਼ਮੀਨ ਉਸ ਸਮੇਂ 1.29 ਕਰੋੜ ਰੁਪਏ 'ਚ ਖਰੀਦੀ ਗਈ ਸੀ ਪਰ ਇਨਕਮ ਟੈਕਸ ਵਿਭਾਗ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗਣੇਸ਼ ਦੱਤ ਮਿਸ਼ਰਾ ਦੀ ਸਾਲਾਨਾ ਆਮਦਨ ਬਹੁਤ ਘੱਟ ਹੈ।

ਉਹ ਅਜਿਹੀ ਰਕਮ ਦਾ ਭੁਗਤਾਨ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਜਿਸ ਕੰਪਨੀ ਤੋਂ ਗਣੇਸ਼ ਦੱਤ ਮਿਸ਼ਰਾ ਨੇ ਇਸ ਨੂੰ ਖਰੀਦਣ ਲਈ ਕਰਜ਼ਾ ਲਿਆ ਹੈ, ਉਸ ਵਿੱਚ ਮੁਖਤਾਰ ਅੰਸਾਰੀ ਦੇ ਪਰਿਵਾਰ ਦੇ ਮੈਂਬਰ ਬਤੌਰ ਡਾਇਰੈਕਟਰ ਅਤੇ ਸ਼ੇਅਰਧਾਰਕ ਸ਼ਾਮਲ ਹਨ। ਇਸ ਤਰ੍ਹਾਂ ਇਸ ਜ਼ਮੀਨ ਦੀ ਖਰੀਦੋ-ਫਰੋਖਤ ਦਾ ਸਬੰਧ ਮੁਖਤਾਰ ਨਾਲ ਜੁੜਦਾ ਹੈ।