‘ਜੈ ਸ਼੍ਰੀ ਰਾਮ’ ਲਿਖ ਕੇ ਫਾਰਮੇਸੀ ਦੇ ਇਮਤਿਹਾਨ ’ਚੋਂ ਪਾਸ ਹੋਏ 4 ਵਿਦਿਆਰਥੀ, 2 ਅਧਿਆਪਕ ਦੋਸ਼ੀ ਕਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਚਨਾ ਦੇ ਅਧਿਕਾਰ ਐਕਟ ਤਹਿਤ ਯੂਨੀਵਰਸਿਟੀ ਦੇ ਇਕ ਸਾਬਕਾ ਵਿਦਿਆਰਥੀ ਵਲੋਂ ਮੰਗੀ ਗਈ ਜਾਣਕਾਰੀ ਤੋਂ ਬਾਅਦ ਸਾਹਮਣੇ ਆਇਆ ਮਾਮਲਾ

Veer Bahadur Singh Purvanchal University (File Photo)

ਜੌਨਪੁਰ: ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੇ ਫਾਰਮੇਸੀ ਦੇ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਵਲੋਂ ਇਮਤਿਹਾਨ ਦੀਆਂ ਕਾਪੀਆਂ ’ਤੇ ਸਿਰਫ ‘ਜੈ ਸ਼੍ਰੀ ਰਾਮ’ ਅਤੇ ਕੌਮਾਂਤਰੀ ਕ੍ਰਿਕਟ ਖਿਡਾਰੀਆਂ ਦੇ ਨਾਮ ਲਿਖਣ ਤੋਂ ਬਾਅਦ ਵੀ 56 ਫੀ ਸਦੀ ਅੰਕਾਂ ਨਾਲ ਪਾਸ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸੂਚਨਾ ਦੇ ਅਧਿਕਾਰ ਐਕਟ ਤਹਿਤ ਯੂਨੀਵਰਸਿਟੀ ਦੇ ਇਕ ਸਾਬਕਾ ਵਿਦਿਆਰਥੀ ਵਲੋਂ ਮੰਗੀ ਗਈ ਜਾਣਕਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਯੂਨੀਵਰਸਿਟੀ ਦੀ ਇਮਤਿਹਾਨ ਕਮੇਟੀ ਦੀ ਬੁਧਵਾਰ ਨੂੰ ਹੋਈ ਬੈਠਕ ’ਚ ਦੋ ਅਧਿਆਪਕਾਂ ਡਾ. ਆਸ਼ੂਤੋਸ਼ ਗੁਪਤਾ ਅਤੇ ਡਾ. ਵਿਨੈ ਵਰਮਾ ਨੂੰ ਦੋਸ਼ੀ ਠਹਿਰਾਇਆ ਗਿਆ। 

ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਿਆਂਸ਼ੂ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੂਰਵਾਂਚਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਡੀ.ਫਾਰਮਾ ਕੋਰਸ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੇ ਕੁੱਝ ਵਿਦਿਆਰਥੀਆਂ ਨੇ ਸਹੀ ਜਵਾਬ ਨਾ ਦੇਣ ਦੇ ਬਾਵਜੂਦ ਇਮਤਿਹਾਨ ਪਾਸ ਕਰ ਲਿਆ ਹੈ ਤਾਂ ਉਨ੍ਹਾਂ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਯੂਨੀਵਰਸਿਟੀ ਤੋਂ ਜਾਣਕਾਰੀ ਮੰਗੀ। 

ਦਿਵਿਆਂਸ਼ੂ ਸਿੰਘ ਨੇ ਕਿਹਾ ਕਿ 3 ਅਗੱਸਤ, 2023 ਨੂੰ ਉਨ੍ਹਾਂ ਨੇ ਕੁੱਝ ਰੋਲ ਨੰਬਰ ਦੇ ਕੇ ਉੱਤਰ ਸ਼ੀਟਾਂ ਦਾ ਮੁੜ ਮੁਲਾਂਕਣ ਕਰਨ ਦੀ ਮੰਗ ਕੀਤੀ ਸੀ। ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਚਾਰ ਵੱਖ-ਵੱਖ ਬਾਰ-ਕੋਡ ਵਾਲੀਆਂ ਕਾਪੀਆਂ ’ਚ ਵਿਦਿਆਰਥੀਆਂ ਨੇ ਸਿਰਫ ‘ਜੈ ਸ਼੍ਰੀ ਰਾਮ’ ਅਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਆਦਿ ਖਿਡਾਰੀਆਂ ਦੇ ਨਾਮ ਲਿਖੇ ਸਨ ਅਤੇ ਉਹ 75 ’ਚੋਂ 42 ਅੰਕਾਂ ਨਾਲ ਪਾਸ ਹੋਏ ਸਨ ਜੋ ਕਿ 56٪ ਅੰਕ ਬਣਦੇ ਹਨ।

ਜਦੋਂ ਇਹ ਤੱਥ ਸਾਹਮਣੇ ਆਏ ਤਾਂ ਸਾਬਕਾ ਵਿਦਿਆਰਥੀ ਨੇ ਰਾਜ ਭਵਨ (ਰਾਜਪਾਲ ਦਫ਼ਤਰ) ਨੂੰ ਚਿੱਠੀ ਲਿਖ ਕੇ ਇਕ ਪ੍ਰੋਫੈਸਰ ’ਤੇ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਸਾਰੀਆਂ ਸ਼ਿਕਾਇਤਾਂ ਹਲਫਨਾਮੇ ਦੇ ਨਾਲ ਰਾਜ ਭਵਨ ਨੂੰ ਵੀ ਭੇਜੀਆਂ ਅਤੇ ਰਾਜ ਭਵਨ ਨੇ ਇਸ ਦਾ ਨੋਟਿਸ ਲਿਆ ਅਤੇ 21 ਦਸੰਬਰ, 2023 ਨੂੰ ਜਾਂਚ ਅਤੇ ਕਾਰਵਾਈ ਦੇ ਹੁਕਮ ਦਿਤੇ। 

ਇਸ ’ਤੇ ਯੂਨੀਵਰਸਿਟੀ ਨੇ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਦੋ ਬਾਹਰੀ ਚੈੱਕ ਕਰਨ ਵਾਲਿਆਂ ਵਲੋਂ ਕਰਵਾਏ ਗਏ ਮੁੜ ਮੁਲਾਂਕਣ ’ਚ ਇਨ੍ਹਾਂ ਵਿਦਿਆਰਥੀਆਂ ਨੂੰ ਸਿਫ਼ਰ ਅੰਕ ਮਿਲੇ। ਉਨ੍ਹਾਂ ਕਿਹਾ ਕਿ ਇਮਤਿਹਾਨ ਕੰਟਰੋਲਰ ਨੇ ਜਾਂਚ ਕਮੇਟੀ ਦਾ ਗਠਨ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਿਸ ਨੇ ਵਾਈਸ ਚਾਂਸਲਰ ਨੂੰ ਸੌਂਪੀ ਅਪਣੀ ਰੀਪੋਰਟ ’ਚ ਦੋਹਾਂ ਅਧਿਆਪਕਾਂ ਨੂੰ ਦੋਸ਼ੀ ਠਹਿਰਾਇਆ। 

ਵੰਦਨਾ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਬੁਧਵਾਰ ਨੂੰ ਇਮਤਿਹਾਨ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਇਸ ਵਿਚ ਫਾਰਮੇਸੀ ਵਿਭਾਗ ਦੇ ਦੋ ਅਧਿਆਪਕਾਂ ਨੂੰ ਗਲਤ ਮੁਲਾਂਕਣ ਦਾ ਦੋਸ਼ੀ ਪਾਇਆ ਗਿਆ ਸੀ। ਵਾਈਸ ਚਾਂਸਲਰ ਨੇ ਕਿਹਾ ਕਿ ਦੋਹਾਂ ਅਧਿਆਪਕਾਂ ਨੂੰ ਰਿਲੀਵ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਨੂੰ ਅੰਤਿਮ ਫੈਸਲੇ ਲਈ ਕਾਰਜਕਾਰੀ ਕੌਂਸਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।